ਨਵੀਂ ਜਾਣਕਾਰੀ

ਇਤਿਹਾਸ ਦਾ ਸਭ ਤੋਂ ਘੱਟ ਸਮਾਂ ਚੱਲਣ ਵਾਲਾ ਯੁੱਧ(ਐਂਗਲੋ-ਜ਼ਾਂਜ਼ੀਬਾਰ ਯੁੱਧ)

ਐਂਗਲੋ-ਜ਼ਾਂਜ਼ੀਬਾਰ ਯੁੱਧ 27 ਅਗਸਤ 1896 ਨੂੰ ਯੂਨਾਈਟਿਡ ਕਿੰਗਡਮ ਅਤੇ ਜ਼ਾਂਜ਼ੀਬਾਰ ਸਲਤਨਤ ਵਿਚਕਾਰ ਲੜਿਆ ਗਿਆ ਇੱਕ ਫ਼ੌਜੀ ਯੁੱਧ ਸੀ। ਇਹ ਯੁੱਧ ਲਗਭਗ 38 ਮਿੰਟ ਚੱਲਿਆ, ਇਸ ਨੂੰ ਇਤਿਹਾਸ ਵਿੱਚ ਸਭ ਤੋਂ ਛੋਟੀ ਦਰਜ ਕੀਤੀ ਗਈ ਜੰਗ ਵਜੋਂ ਦਰਸਾਇਆ ਜਾਂਦਾ ਹੈ। ਯੁੱਧ ਦਾ ਕਾਰਨ 25 ਅਗਸਤ 1896 ਨੂੰ ਬ੍ਰਿਟਿਸ਼ ਪੱਖੀ ਸੁਲਤਾਨ ਹਮਦ ਬਿਨ ਥੂਵੈਨੀ ਦੀ ਮੌਤ ਸੀ। ਮੌਤ ਦੇ ਕੁਝ ਘੰਟਿਆਂ ਦੇ ਅੰਦਰ, ਥੂਵੈਨੀ ਦਾ ਭਰਾ ਖਾਲਿਦ ਬਿਨ ਬਰਗਾਸ਼, ਅੰਗਰੇਜ਼ਾਂ ਦੀ ਪੁਸ਼ਟੀ ਕੀਤੇ ਬਿਨਾਂ, ਗੱਦੀ 'ਤੇ ਬੈਠ ਗਿਆ। ਵਾਸਤਵ ਵਿੱਚ ਉਸਨੇ ਹੀ ਆਪਣੇ ਭਰਾ ਥੂਵੈਨੀ ਨੂੰ ਜ਼ਹਿਰ ਦਿੱਤਾ ਸੀ।
ਜ਼ਾਂਜ਼ੀਬਾਰ ਵਿੱਚ ਤਾਇਨਾਤ ਬ੍ਰਿਟਿਸ਼ ਡਿਪਲੋਮੈਟ ਨੂੰ ਦਾਲ਼ ਵਿੱਚ ਕੁਝ ਕਾਲਾ ਜਾਪਿਆ ਅਤੇ ਬ੍ਰਿਟਿਸ਼ ਡਿਪਲੋਮੈਟ ਦੇ ਮੁਖੀਆਂ ਵਿੱਚੋਂ ਇੱਕ ਬੇਸਿਲ ਕੇਵ ਨੇ ਖਾਲਿਦ ਨੂੰ ਸਿੰਘਾਸਨ ਛੱਡਣ ਦਾ ਆਦੇਸ਼ ਵੀ ਦਿੱਤਾ ਸੀ। ਪਰ ਖਾਲਿਦ ਦੇ ਮਨ ਵਿਚ ਕੁਝ ਹੋਰ ਹੀ ਯੋਜਨਾ ਸੀ। ਉਸਨੇ ਆਪਣੀ ਫ਼ੌਜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਮਹਿਲ ਵਿੱਚ ਲਗਭਗ 3000 ਸ਼ਾਹੀ ਸਿਪਾਹੀ ਆਪਣੀ ਰੱਖਿਆ ਲਈ ਤਾਇਨਾਤ ਕਰ ਦਿੱਤੇ। ਇੱਕ ਹਫ਼ਤੇ ਦੇ ਅੰਦਰ, ਉਸਨੇ ਬਹੁਤ ਸਾਰੀਆਂ ਤੋਪਾਂ ਅਤੇ ਨੇੜਲੇ ਬੰਦਰਗਾਹ ਤੋਂ ਇੱਕ ਸ਼ਾਹੀ ਯਾਟ(ਸਮੁੰਦਰੀ ਜਹਾਜ਼) ਵੀ ਖਰੀਦ ਲਿਆ ਸੀ।

ਖਾਲਿਦ ਦਾ ਨਿਸ਼ਾਨਾ ਸਾਫ਼ ਸੀ ਕਿ ਉਹ ਜੰਗ ਚਾਹੁੰਦਾ ਸੀ। ਪਰ ਅੰਗਰੇਜ਼ ਵੀ ਇੰਨੀ ਆਸਾਨੀ ਨਾਲ ਹਾਰ ਮੰਨਣ ਵਾਲੇ ਨਹੀਂ ਸਨ। ਇਸ ਲਈ, ਉਹ ਵੀ ਆਪਣੇ ਜੰਗੀ ਬੇੜੇ ਅਤੇ ਫ਼ੌਜ ਲੈ ਆਏ। ਉਨ੍ਹਾਂ ਦਾ ਟੀਚਾ ਨਾ ਸਿਰਫ਼ ਖਾਲਿਦ ਦਾ ਤਖ਼ਤਾ ਪਲਟਣਾ ਸੀ ਸਗੋਂ ਆਮ ਜਨਤਾ ਨੂੰ ਦੰਗਿਆਂ ਤੋਂ ਰੋਕਣਾ ਵੀ ਸੀ। ਹੁਣ, ਕੇਵ ਨੂੰ ਬ੍ਰਿਟਿਸ਼ ਸਰਕਾਰ ਦੇ ਆਦੇਸ਼ ਦੀ ਉਡੀਕ ਕਰਨੀ ਸੀ, ਕਿਉਂਕਿ ਉਸ ਕੋਲ ਬਿਨਾ ਆਰਡਰ ਦੇ ਯੁੱਧ ਦਾ ਅਧਿਕਾਰ ਨਹੀਂ ਸੀ। ਪਰ ਆਰਡਰ ਉਮੀਦ ਨਾਲੋਂ ਜਲਦੀ ਆ ਗਿਆ। ਅੰਗਰੇਜ਼ਾਂ ਕੋਲ ਇੱਕ ਸਪਸ਼ਟ ਮਿਸ਼ਨ ਸੀ: ਖਾਲਿਦ ਨੂੰ ਸਮਰਪਣ ਕਰਨ ਲਈ ਮਜ਼ਬੂਰ ਕਰਨਾ ਅਤੇ ਜ਼ਾਂਜ਼ੀਬਾਰ 'ਤੇ ਮੁੜ ਕੰਟਰੋਲ ਕਰਨਾ। ਪਰ ਖਾਲਿਦ ਨੂੰ ਵਾਰ-ਵਾਰ ਅਲਟੀਮੇਟਮ ਦੇਣ ਤੋਂ ਬਾਅਦ ਵੀ ਉਹ ਹਾਰ ਮੰਨਣ ਲਈ ਤਿਆਰ ਨਹੀਂ ਸੀ।
ਜਦੋਂ ਖਾਲਿਦ ਨੇ ਬ੍ਰਿਟਿਸ਼ ਸਰਕਾਰ ਦੇ ਅੰਤਮ ਅਲਟੀਮੇਟਮ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਨੇ ਆਪਣੇ ਜਹਾਜ਼ਾਂ ਨੂੰ ਮਹਿਲ 'ਤੇ ਗੋਲੀਬਾਰੀ ਦਾ ਹੁਕਮ ਦੇ ਦਿੱਤਾ। ਦੋ ਕੁ ਮਿੰਟਾਂ ਦੇ ਅੰਦਰ ਹੀ ਖਾਲਿਦ ਦੇ ਅੱਧੇ ਤੋਂ ਵੱਧ ਹਥਿਆਰ ਨਸ਼ਟ ਹੋ ਗਏ ਸਨ ਅਤੇ ਜਲਦੀ ਹੀ ਮਹਿਲ ਢਹਿਣਾ ਸ਼ੁਰੂ ਹੋ ਗਿਆ। 3000 ਸਿਪਾਹੀ ਅੰਦਰ ਜ਼ਿੰਦਾ ਰਹਿਣ ਲਈ ਸੰਘਰਸ਼ ਕਰ ਰਹੇ ਸਨ। ਅਸਲ ਵਿੱਚ, ਬੰਬਾਰੀ ਦੇ ਕੁਝ ਪਲਾਂ ਦੇ ਅੰਦਰ ਹੀ ਖਾਲਿਦ ਆਪਣੀ ਸਾਰੀ ਵਫ਼ਾਦਾਰ ਪਰਜਾ ਨੂੰ ਇਕੱਲੇ ਛੱਡ ਕੇ ਪਿਛਲੇ ਨਿਕਾਸ ਦੁਆਰ ਤੋਂ ਭੱਜ ਗਿਆ ਸੀ। 40 ਮਿੰਟਾਂ ਤੋਂ ਵੀ ਘੱਟ ਸਮੇਂ ਦੇ ਅੰਦਰ, ਸੁਲਤਾਨ ਦੇ ਝੰਡੇ ਨੂੰ ਹੇਠਾਂ ਲਾਹ ਦਿੱਤਾ ਗਿਆ ਸੀ ਅਤੇ ਇਤਿਹਾਸ ਦੀ ਸਭ ਤੋਂ ਛੋਟੀ ਜੰਗ ਸ਼ੁਰੂ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਖ਼ਤਮ ਹੋ ਗਈ ਸੀ। ਪਰ ਫਿਰ ਵੀ ਇੰਨੀ ਛੋਟੀ ਜੰਗ ਵਿੱਚ ਵੀ 500 ਦੇ ਕਰੀਬ ਮੌਤਾਂ ਹੋਈਆਂ ਸਨ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ