ਨਵੀਂ ਜਾਣਕਾਰੀ

ਪਹਿਲੀ ਮਹਿਲਾ ਪੁਲਾੜ ਯਾਤਰੀ

ਅਸੀਂ ਸਾਰੇ ਜਾਣਦੇ ਹਾਂ ਕਿ ਪਹਿਲਾ ਪੁਲਾੜ ਯਾਤਰੀ ਯੂਰੀ ਗਾਗਰਿਨ ਸੀ ਜੋ ਪੁਰਸ਼ ਸੀ। ਪਰ ਪਹਿਲੀ ਮਹਿਲਾ ਪੁਲਾੜ ਯਾਤਰੀ ਕੌਣ ਸੀ ਇਸ ਬਾਰੇ ਬਹੁਤੇ ਨਹੀਂ ਜਾਣਦੇ ਹੋਣੇ। ਆਓ ਜਾਣਦੇ ਹਾਂ ਪਹਿਲੀ ਮਹਿਲਾ ਯਾਤਰੀ ਵੈਲਨਟੀਨਾ ਟੇਰੇਸ਼ਕੋਵਾ ਦੇ ਬਾਰੇ। 
ਵੈਲੇਨਟੀਨਾ ਵਲਾਦੀਮੀਰੋਵਨਾ ਟੇਰੇਸ਼ਕੋਵਾ(Valentina Vladimirovna Tereshkova) ਦਾ ਜਨਮ 6 ਮਾਰਚ, 1937 ਨੂੰ ਰੂਸ ਦੇ ਯਾਰੋਸਲਾਵਲ ਨੇੜੇ, ਬੋਲਸ਼ੋਏ ਮਾਸਲੇਨੀਕੋਵੋ ਪਿੰਡ ਵਿੱਚ ਹੋਇਆ ਸੀ। ਉਹ ਇੱਕ ਕਿਸ਼ੋਰ ਦੇ ਰੂਪ ਵਿੱਚ ਸਕਾਈਡਾਈਵਿੰਗ ਵਿੱਚ ਦਿਲਚਸਪੀ ਲੈਂਦੀ ਸੀ ਅਤੇ ਉਸਨੇ ਮਈ 1959 ਵਿੱਚ 22 ਸਾਲ ਦੀ ਉਮਰ ਵਿੱਚ ਆਪਣੀ ਸਕਾਈਡਾਈਵਿੰਗ ਕਰਨ ਲਈ ਪਹਿਲੀ ਛਾਲ ਮਾਰੀ ਸੀ। ਉਸਦੀ ਮਾਂ ਇੱਕ ਟੈਕਸਟਾਈਲ ਫੈਕਟਰੀ ਵਿੱਚ ਕੰਮ ਕਰਦੀ ਸੀ ਅਤੇ ਉਸਦੇ ਪਿਤਾ ਇੱਕ ਟਰੈਕਟਰ ਡਰਾਈਵਰ ਸਨ। ਪੁਲਾੜ ਯਾਤਰੀ ਚੁਣੇ ਜਾਣ ਤੋਂ ਪਹਿਲਾਂ, ਉਸਨੇ ਵੀ ਟੈਕਸਟਾਈਲ ਫੈਕਟਰੀ ਵਿੱਚ ਕੰਮ ਕੀਤਾ ਸੀ।

ਟੇਰੇਸ਼ਕੋਵਾ 400 ਤੋਂ ਵੱਧ ਬਿਨੈਕਾਰਾਂ ਵਿੱਚੋਂ ਚੁਣੀਆਂ ਗਈਆਂ ਪੰਜ ਔਰਤਾਂ ਵਿੱਚੋਂ ਇੱਕ ਸੀ। ਜਿਨ੍ਹਾਂ ਨੂੰ ਕਈ ਮਹੀਨਿਆਂ ਦੀ ਸਿਖਲਾਈ ਦਿੱਤੀ ਗਈ ਸੀ। ਸਿਖਲਾਈ ਵਿੱਚ ਵਜ਼ਨ ਰਹਿਤ ਉਡਾਣਾਂ, ਆਈਸੋਲੇਸ਼ਨ ਟੈਸਟ, ਸੈਂਟਰਿਫਿਊਜ ਟੈਸਟ, 120 ਪੈਰਾਸ਼ੂਟ ਜੰਪ ਅਤੇ ਜੈਟ ਜਹਾਜ਼ ਵਿੱਚ ਪਾਇਲਟ ਸਿਖਲਾਈ ਸ਼ਾਮਲ ਸੀ। ਮੂਲ ਯੋਜਨਾ ਵਿੱਚ, ਟੇਰੇਸ਼ਕੋਵਾ ਇੱਕ ਵੋਸਟੋਕ 5 ਰਾਕੇਟ 'ਤੇ ਆਰਬਿਟ ਜਾਣ ਵਾਲੀ ਸੀ, ਜਿਸ ਤੋਂ ਬਾਅਦ ਪੋਨੋਮਰੀਓਵਾ ਨਾਮਕ ਔਰਤ ਨੇ ਵੋਸਟੋਕ 6 'ਤੇ ਜਾਣਾ ਸੀ। ਪਰ ਇਹ ਮਾਰਚ 1963 ਵਿੱਚ ਇਸਨੂੰ ਬਦਲ ਦਿੱਤਾ ਗਿਆ। ਇੱਕ ਪੁਰਸ਼ ਪੁਲਾੜ ਯਾਤਰੀ, ਵੈਲੇਰੀ ਬਾਈਕੋਵਸਕੀ ਨੇ 16 ਜੂਨ 1963 ਈ. ਵੋਸਟੋਕ 5 ਵਿੱਚ ਅਤੇ ਉਸੇ ਸਮੇਂ ਤੇਰੇਸ਼ਕੋਵਾ ਨੇ ਵੋਸਟੋਕ 6 ਵਿੱਚ ਉਡਾਣ ਭਰੀ। 16 ਜੂਨ, 1963 ਨੂੰ 26 ਸਾਲਾ ਵੈਲਨਟੀਨਾ ਟੇਰੇਸ਼ਕੋਵਾ, ਰੇਡੀਓ ਕਾਲ ਨਾਮ ਚਾਇਕਾ(ਸੀਗਲ) ਸੋਵੀਅਤ ਪੁਲਾੜ ਯਾਨ ਵੋਸਟੋਕ 6 'ਤੇ ਸਵਾਰ ਹੋ ਕੇ ਇਕੱਲੇ ਪੁਲਾੜ ਵਿੱਚ ਯਾਤਰਾ ਕੀਤੀ।

 ਉਹ ਪੁਲਾੜ ਵਿੱਚ ਪਹਿਲੀ ਅਤੇ ਸਭ ਤੋਂ ਛੋਟੀ ਉਮਰ(26 ਸਾਲ) ਦੀ ਔਰਤ ਵਜੋਂ ਜਾਣੀ ਜਾਂਦੀ ਹੈ। ਉਸਨੇ 48 ਵਾਰ ਧਰਤੀ ਦੀ ਪਰਿਕਰਮਾ ਕੀਤੀ, ਲਗਭਗ ਤਿੰਨ ਦਿਨ ਪੁਲਾੜ ਵਿੱਚ ਬਿਤਾਏ। ਬਾਅਦ ਵਿੱਚ ਉਹ ਕੋਸਮੋਨੌਟ ਕੋਰ ਦੇ ਹਿੱਸੇ ਵਜੋਂ ਏਅਰ ਫੋਰਸ ਵਿੱਚ ਸ਼ਾਮਲ ਹੋਈ ਅਤੇ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਇੱਕ ਅਧਿਕਾਰੀ ਵਜੋਂ ਚੁਣੀ ਗਈ। 1969 ਵਿੱਚ ਮਹਿਲਾ ਪੁਲਾੜ ਯਾਤਰੀਆਂ ਦੇ ਪਹਿਲੇ ਸਮੂਹ ਦੇ ਭੰਗ ਹੋਣ ਤੋਂ ਬਾਅਦ, ਟੇਰੇਸ਼ਕੋਵਾ ਪੁਲਾੜ ਪ੍ਰੋਗਰਾਮ ਵਿੱਚ ਇੱਕ ਪੁਲਾੜ ਯਾਤਰੀ ਇੰਸਟ੍ਰਕਟਰ ਵਜੋਂ ਰਹੀ। ਬਾਅਦ ਵਿੱਚ ਉਸਨੇ ਜ਼ੂਕੋਵਸਕੀ ਏਅਰ ਫੋਰਸ ਇੰਜੀਨੀਅਰਿੰਗ ਅਕੈਡਮੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪੁਲਾੜ ਉਡਾਣ ਲਈ ਦੁਬਾਰਾ ਯੋਗਤਾ ਪ੍ਰਾਪਤ ਕੀਤੀ ਪਰ ਦੁਬਾਰਾ ਕਦੇ ਵੀ ਪੁਲਾੜ ਵਿੱਚ ਨਹੀਂ ਗਈ। ਉਹ 1997 ਵਿੱਚ ਮੇਜਰ ਜਨਰਲ ਦਾ ਅਹੁਦਾ ਹਾਸਲ ਕਰਕੇ ਹਵਾਈ ਸੈਨਾ ਤੋਂ ਸੇਵਾਮੁਕਤ ਹੋ ਗਈ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ