ਨਵੀਂ ਜਾਣਕਾਰੀ

ਆਓ ਜਾਣੀਏ ਹੁਣ ਤੱਕ ਦੀ ਸਭ ਤੋਂ ਲੰਬੀ ਉਮਰ ਜੀਣ ਵਾਲੀ ਔਰਤ ਬਾਰੇ

ਜੀਨ ਲੁਈਸ ਕੈਲਮੈਂਟ ਦਾ ਜਨਮ 21 ਫਰਵਰੀ 1875 ਨੂੰ ਅਰਲੇਸ, ਬੌਚੇਸ-ਡੂ-ਰੋਨ, ਫਰਾਂਸ ਵਿੱਚ ਹੋਇਆ ਸੀ। ਉਹ ਸਭ ਤੋਂ ਬਜ਼ੁਰਗ ਮਨੁੱਖ ਸੀ ਜਿਸਦੀ ਉਮਰ 122 ਸਾਲ ਅਤੇ 164 ਦਿਨ ਨਾਲ ਦਸਤਾਵੇਜ਼ੀ ਤੌਰ 'ਤੇ ਦਰਜ ਹੈ। ਉਸਦੇ ਕੁਝ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੀ ਔਸਤ ਉਮਰ ਵੀ ਵੱਧ ਸੀ ਜਿਵੇਂ ਉਸਦਾ ਵੱਡਾ ਭਰਾ, ਫ੍ਰੈਂਕੋਇਸ 97 ਸਾਲ ਦੀ ਉਮਰ ਤੱਕ ਜੀਉਂਦਾ ਰਿਹਾ, ਉਸਦੇ ਪਿਤਾ, ਨਿਕੋਲਸ ਜੋ ਇੱਕ ਜਹਾਜ਼ ਨਿਰਮਾਤਾ ਸੀ ਦੀ ਉਮਰ 93 ਸਾਲ ਅਤੇ ਉਸਦੀ ਮਾਂ, ਮਾਰਗਰੇਟ ਗਿਲਜ਼ ਦਾ ਦਿਹਾਂਤ 86 ਸਾਲ ਦੀ ਉਮਰ ਵਿੱਚ ਹੋਇਆ ਸੀ। 8 ਅਪ੍ਰੈਲ 1896 ਨੂੰ 21 ਸਾਲ ਦੀ ਉਮਰ ਵਿੱਚ ਉਸਨੇ ਫਰਨਾਂਡ ਨਿਕੋਲਸ ਕੈਲਮੈਂਟ ਨਾਲ ਵਿਆਹ ਕੀਤਾ ਅਤੇ 19 ਜਨਵਰੀ 1898 ਨੂੰ ਆਪਣੇ ਇਕਲੌਤੇ ਬੱਚੇ, ਯਵੋਨ ਮੈਰੀ ਨਿਕੋਲ ਕੈਲਮੈਂਟ ਨਾਮ ਦੀ ਇੱਕ ਧੀ ਨੂੰ ਜਨਮ ਦਿੱਤਾ। ਯਵੋਨ ਨੇ 3 ਫਰਵਰੀ 1926 ਨੂੰ ਫ਼ੌਜੀ ਅਫ਼ਸਰ ਜੋਸਫ ਬਿਲੋਟ ਨਾਲ ਵਿਆਹ ਕੀਤਾ ਅਤੇ ਦੋਹਾਂ ਨੇ ਲੜਕੇ ਫਰੈਡਰਿਕ ਨੂੰ ਜਨਮ ਦਿੱਤਾ। 
ਉਸਦੀ ਧੀ ਯਵੋਨ ਕੈਲਮੈਂਟ ਦੀ ਮੌਤ ਸਿਰਫ਼ 36 ਸਾਲ ਦੀ ਉਮਰ ਵਿੱਚ 19 ਜਨਵਰੀ 1934 ਨੂੰ ਫੇਫੜਿਆਂ ਦੀ ਬਿਮਾਰੀ ਕਾਰਨ ਹੋ ਗਈ ਸੀ। 1942 ਵਿੱਚ, ਉਸਦੇ ਪਤੀ ਫਰਨਾਂਡ ਦੀ ਮੌਤ(73 ਸਾਲ ਦੀ ਉਮਰ ਵਿੱਚ) ਕਥਿਤ ਤੌਰ 'ਤੇ ਚੈਰੀ ਦੇ ਜ਼ਹਿਰ ਕਾਰਨ ਹੋ ਗਈ। ਉਸਦੇ ਜਵਾਈ ਜੋਸਫ਼ ਦੀ ਜਨਵਰੀ 1963 ਵਿੱਚ ਮੌਤ ਹੋ ਗਈ ਸੀ ਅਤੇ ਦੋਹਤੇ ਫਰੈਡਰਿਕ ਦੀ ਉਸੇ ਸਾਲ ਅਗਸਤ ਵਿੱਚ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ।

ਪਤੀ ਅਤੇ ਧੀ ਦੀ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਪਰ 1962-63 ਵਿੱਚ ਉਸਦੇ ਭਰਾ, ਜਵਾਈ ਅਤੇ ਉਸਦੇ ਦੋਹਤੇ ਦੀ ਮੌਤ ਹੋ ਜਾਣ ਤੋਂ ਬਾਅਦ, ਕੈਲਮੈਂਟ ਪਰਿਵਾਰ ਵਿੱਚ ਇਕੱਲੀ ਰਹਿ ਗਈ ਸੀ। ਉਹ 88 ਸਾਲ ਦੀ ਉਮਰ ਤੋਂ ਲੈ ਕੇ ਆਪਣੇ 110ਵੇਂ ਜਨਮਦਿਨ ਤੋਂ ਥੋੜ੍ਹੀ ਦੇਰ ਪਹਿਲਾਂ ਤੱਕ ਇਕੱਲੀ ਰਹਿੰਦੀ ਸੀ। ਪਰ ਬਾਅਦ ਵਿੱਚ ਉਸਨੇ ਇੱਕ ਨਰਸਿੰਗ ਹੋਮ ਵਿੱਚ ਜਾਣ ਦਾ ਫੈਸਲਾ ਕੀਤਾ ਸੀ। ਜੇਕਰ ਗੱਲ ਉਸਦੇ ਜੀਵਨ ਦੀ ਕਰੀਏ ਤਾਂ ਉਸਨੇ ਅਮੀਰ ਪਰਿਵਾਰ ਵਿੱਚ ਜ਼ਿੰਦਗੀ ਬਿਤਾਈ ਸੀ। ਇਸ ਲਈ ਕੈਲਮੈਂਟ ਉੱਤੇ ਕਈ ਨੌਕਰ ਲੱਗੇ ਸਨ ਅਤੇ ਕਦੇ ਵੀ ਕੰਮ ਨਹੀਂ ਕਰਨਾ ਪਿਆ ਸੀ। ਉਸਨੇ ਆਰਲਸ ਦੇ ਉਪਰਲੇ ਸਮਾਜ ਵਿੱਚ ਤਲਵਾਰਬਾਜ਼ੀ, ਸਾਈਕਲਿੰਗ, ਟੈਨਿਸ, ਤੈਰਾਕੀ, ਰੋਲਰਸਕੇਟਿੰਗ, ਪਿਆਨੋ ਵਜਾਉਣਾ ਅਤੇ ਦੋਸਤਾਂ ਨਾਲ ਸੰਗੀਤ ਬਣਾਉਣਾ ਵਰਗੇ ਸ਼ੌਕ ਅਪਣਾਉਂਦੇ ਹੋਏ ਐਸ਼ੋ ਆਰਾਮ ਕੀਤੀ।

ਉਸਦੀ ਸਿਹਤ ਅਤੇ ਜੀਵਨ ਸ਼ੈਲੀ 'ਤੇ ਕਈ ਡਾਕਟਰੀ ਅਧਿਐਨ ਕੀਤੇ ਗਏ। ਉਹ 120 ਸਾਲ ਜਾਂ ਇਸ ਤੋਂ ਵੱਧ ਉਮਰ ਤੱਕ ਜੀਉਣ ਦੀ ਪੁਸ਼ਟੀ ਕੀਤੀ ਗਈ ਇਕਲੌਤੀ ਔਰਤ ਹੈ। ਜਨਵਰੀ 1988 ਵਿੱਚ, ਉਸ ਨੂੰ ਸਭ ਤੋਂ ਵੱਡੀ ਉਮਰ ਦੇ ਜੀਵਤ ਵਿਅਕਤੀ ਹੋਣ ਦੀ ਵਿਆਪਕ ਤੌਰ 'ਤੇ ਰਿਪੋਰਟ ਕੀਤੀ ਗਈ ਸੀ ਅਤੇ 1995 ਵਿੱਚ, 120 ਸਾਲ ਦੀ ਉਮਰ ਵਿੱਚ, ਸਭ ਤੋਂ ਵੱਧ ਉਮਰ ਦਾ ਬਜ਼ੁਰਗ ਘੋਸ਼ਿਤ ਕੀਤਾ ਗਿਆ ਸੀ। ਉਸਦੇ ਜੀਵਨ ਬਾਰੇ ਇੱਕ ਦਸਤਾਵੇਜ਼ੀ ਫਿਲਮ, ਜਿਸਦਾ ਸਿਰਲੇਖ "ਬਾਇਓਂਡ 120 ਈਅਰਜ਼ ਵਿਦ ਜੀਨ ਕੈਲਮੈਂਟ" ਸੀ, 1995 ਵਿੱਚ ਰਿਲੀਜ਼ ਕੀਤੀ ਗਈ ਸੀ।
 ਜਦੋਂ ਉਹ 112 ਸਾਲ ਦੀ ਸੀ ਤਾਂ ਉਸਨੂੰ ਗਿਨੀਜ਼ ਵਰਲਡ ਰਿਕਾਰਡ ਦੁਆਰਾ ਦੁਨੀਆਂ ਦੇ ਸਭ ਤੋਂ ਬਜ਼ੁਰਗ ਜੀਵਤ ਵਿਅਕਤੀ ਵਜੋਂ ਮਾਨਤਾ ਦਿੱਤੀ ਗਈ ਸੀ ਪਰ ਉਸਨੇ 1990 ਵਿੱਚ ਇਹ ਖਿਤਾਬ ਗੁਆ ਦਿੱਤਾ ਜਦੋਂ ਸੰਯੁਕਤ ਰਾਜ ਦੀ ਕੈਰੀ ਵ੍ਹਾਈਟ ਨੇ 1874 ਵਿੱਚ ਪੈਦਾ ਹੋਣ ਦਾ ਦਾਅਵਾ ਕੀਤਾ। ਵ੍ਹਾਈਟ ਦਾ ਦਾਅਵਾ ਵਿਵਾਦਪੂਰਨ ਅਤੇ ਬਾਅਦ ਵਿੱਚ ਖਾਰਜ ਹੋ ਗਿਆ ਸੀ ਅਤੇ 1991 ਵਿੱਚ ਵ੍ਹਾਈਟ ਦੀ ਮੌਤ ਤੋਂ ਬਾਅਦ, ਉਸਨੇ ਦੁਨੀਆਂ ਦੇ ਸਭ ਤੋਂ ਬਜ਼ੁਰਗ ਜੀਵਿਤ ਵਿਅਕਤੀ ਦਾ ਖਿਤਾਬ ਮੁੜ ਪ੍ਰਾਪਤ ਕੀਤਾ। ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਉਸਨੇ ਕਿਹਾ ਸੀ - "ਮੈਂ ਕਦੇ ਬਿਮਾਰ ਨਹੀਂ ਹੋਈ, ਕਦੇ ਵੀ ਨਹੀਂ"। ਸਾਰੀ ਉਮਰ ਉਸਨੇ ਜੈਤੂਨ ਦੇ ਤੇਲ ਨਾਲ ਆਪਣੀ ਚਮੜੀ ਦੀ ਦੇਖਭਾਲ ਕੀਤੀ। ਉਸਨੇ ਆਪਣੇ 100ਵੇਂ ਜਨਮਦਿਨ ਤੱਕ ਸਾਈਕਲ ਚਲਾਉਣਾ ਜਾਰੀ ਰੱਖਿਆ। ਕੈਲਮੈਂਟ ਦੀ ਮੌਤ 4 ਅਗਸਤ 1997 ਨੂੰ ਸਵੇਰੇ 10:00 ਵਜੇ ਦੇ ਆਸ-ਪਾਸ ਅਣਪਛਾਤੇ ਕਾਰਨਾਂ ਕਾਰਨ ਹੋਈ।

ਮੈਡੀਕਲ ਵਿਦਿਆਰਥੀ ਜੌਰਜ ਗਾਰੋਯਾਨ ਨੇ ਜਨਵਰੀ 1990 ਵਿੱਚ ਜਦੋਂ ਉਹ 114 ਸਾਲਾਂ ਦੀ ਸੀ ਤਾਂ ਕੈਲਮੈਂਟ ਉੱਤੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਸੀ। ਜਿਸਦੇ ਪਹਿਲਾ ਭਾਗ ਉਸਦੇ ਰੋਜ਼ਾਨਾ ਕੰਮਕਾਜ ਦੇ ਰਿਕਾਰਡ ਨੂੰ ਪੇਸ਼ ਕਰਦਾ ਹੈ ਅਤੇ ਦੂਜਾ ਭਾਗ ਉਸਦਾ ਮੈਡੀਕਲ ਇਤਿਹਾਸ ਪੇਸ਼ ਕਰਦਾ ਹੈ। ਉਸਨੇ ਦੱਸਿਆ ਕਿ ਕੈਲਮੈਂਟ ਨੇ ਬਚਪਨ ਵਿੱਚ ਸਿਰਫ਼ ਇੱਕ ਟੀਕਾ ਲਗਾਇਆ ਸੀ ਪਰ ਉਸਨੂੰ ਯਾਦ ਨਹੀਂ ਸੀ ਕਿ ਟੀਕਾ ਕਿਹੜਾ ਸੀ? ਇਸ ਤੋਂ ਇਲਾਵਾ ਮੈਡੀਕਲ ਭਾਗ ਵਿੱਚ ਉਸਦੇ ਲਗਭਗ 100 ਸਾਲਾਂ ਤੱਕ ਸਿਰ ਦੁਖਣ ਦੀ ਦਵਾਈ(ਐਸਪਰਿਨ) ਤੋਂ ਇਲਾਵਾ ਉਸਨੇ ਕਦੇ ਕੋਈ ਦਵਾਈ ਨਹੀਂ ਲਈ ਸੀ।
(ਨੋਟ:- ਕੈਲਮੈਂਟ ਦੇ ਜਨਮ ਪੱਤਰੀ ਤੋਂ ਲੈ ਕੇ ਸਾਰੇ ਅਧਿਕਾਰਤ ਦਸਤਾਵੇਜ਼ ਮੌਜੂਦ ਹਨ ਅਤੇ ਮੇਲ ਵੀ ਖਾਂਦੇ ਹਨ। ਹੋ ਸਕਦਾ ਹੈ ਕਿ ਕੋਈ ਇਸ ਤੋਂ ਵੀ ਵੱਧ ਉਮਰ ਜਿਊਂਦਾ ਰਿਹਾ ਹੋਵੇ ਪਰ ਹੋਰ ਕਿਸੇ ਦੇ ਦਸਤਾਵੇਜ਼ਾਂ ਦੀ ਪੁਸ਼ਟੀ ਨਹੀਂ ਹੋਈ ਹੈ)

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ