ਨਵੀਂ ਜਾਣਕਾਰੀ

ਸ਼੍ਰੀ ਮੁਕਤਸਰ ਸਾਹਿਬ ਦਾ ਸੰਖੇਪ ਇਤਿਹਾਸ

ਸ਼੍ਰੀ ਮੁਕਤਸਰ ਸਾਹਿਬ ਪੰਜਾਬ ਦੇ ਦੱਖਣ - ਪੱਛਮ ਵਿੱਚ ਸਥਿੱਤ ਇੱਕ ਜ਼ਿਲ੍ਹਾ ਹੈ। ਕਹਿੰਦੇ ਹਨ ਕਿ ਜਲਾਲਾਬਾਦ ਤਿੰਨ ਖੱਤਰੀ ਭਰਾ ਖਿਦਰਾਣਾ, ਧਿਗਾਣਾ ਅਤੇ ਰੁਪਾਣਾ ਰਹਿੰਦੇ ਸਨ। ਉਹ ਅਮੀਰ ਹੋਣ ਦੇ ਨਾਲ-ਨਾਲ ਧਾਰਮਿਕ ਬਿਰਤੀ ਵਾਲੇ ਵੀ ਸਨ ਅਤੇ ਸ਼ਿਵ ਦੇ ਪੱਕੇ ਉਪਾਸਕ ਸਨ। ਇਸ ਇਲਾਕੇ ਵਿੱਚ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਸੀ ਕਿਉਂਕਿ ਪੁਰਾਤਨ ਇਤਿਹਾਸ ਮੁਤਾਬਕ ਕਿਸੇ ਸਮੇਂ ਇਹ ਖੇਤਰ ਰਾਜਸਥਾਨ ਦੇ ਮਾਰੂਥਲ ਦਾ ਹਿੱਸਾ ਸੀ। ਰੇਤਲਾ ਇਲਾਕਾ ਅਤੇ ਪਾਣੀ ਦੀ ਥੁੜ੍ਹ ਕਾਰਨ ਤਿੰਨਾਂ ਭਰਾਵਾਂ ਨੇ ਇਥੇ ਤਿੰਨ ਢਾਬਾਂ ਖੁਦਵਾਈਆਂ। ਹਰ ਵਰ੍ਹੇ ਸਾਉਣ ਦੇ ਮਹੀਨੇ ਪੈਂਦੇ ਮੀਂਹ ਇਨ੍ਹਾਂ ਢਾਬਾਂ ਨੂੰ ਪਾਣੀ ਨਾਲ ਭਰ ਕੇ ਆਲੇ-ਦੁਆਲੇ ਰੌਣਕਾਂ ਲਾ ਦਿੰਦੇ। ਲੋਕ ਇਸ ਪਾਣੀ ਦੀ ਵਰਤੋਂ ਪਸ਼ੂਆਂ ਅਤੇ ਆਪਣੇ ਪੀਣ ਲਈ ਕਰਦੇ।
ਇਨ੍ਹਾਂ ਤਿੰਨਾਂ ਦੀਆਂ ਢਾਬਾਂ ਕਰਕੇ ਹੀ ਆਲੇ-ਦੁਆਲੇ ਤਿੰਨ ਪਿੰਡ ਧਿਗਾਣਾ, ਰੁਪਾਣਾ ਅਤੇ ਖਿਦਰਾਣਾ ਵਸ ਗਏ। ਖਿਦਰਾਣੇ ਦੀ ਢਾਬ ਬਾਕੀ ਦੋਹਾਂ ਨਾਲੋਂ ਜ਼ਿਆਦਾ ਮਸ਼ਹੂਰ ਸੀ। ਕਈ ਇਤਿਹਾਸਕਾਰ ਇਸਦਾ ਇਤਿਹਾਸ ਈਸ਼ਰਸਰ ਝੀਲ ਨਾਲ ਵੀ ਜੋੜਦੇ ਹਨ। ਕਹਿੰਦੇ ਹਨ ਕਿ ਸਤਿਯੁਗ ਜਾਂ ਪੂਰਵ-ਇਤਿਹਾਸਕ ਕਾਲ ਵਿੱਚ ਇੱਥੇ ਸ਼ਿਵ ਜੀ ਨੇ ਤਪ ਕੀਤਾ ਸੀ। 
ਸੰਨ 1705 ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਸੀ ਤਾਂ ਉਹ ਕਈ ਖੇਤਰਾਂ ਵਿੱਚੋਂ ਹੁੰਦੇ ਹੋਏ ਖਿਦਰਾਣੇ ਦੀ ਢਾਬ ਤੇ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਤੁਰਕਾਂ ਨਾਲ ਯੁੱਧ ਲੜਿਆ ਜਿਸ ਨੂੰ ਮੁਕਤਸਰ ਦੀ ਲੜਾਈ ਕਿਹਾ ਜਾਂਦਾ ਹੈ। ਇਸ ਯੁੱਧ ਵਿੱਚ ਗੁਰੂ ਸਾਹਿਬ ਨਾਲ ਹੋਰ ਸਿੱਖ ਯੋਧਿਆਂ ਤੋਂ ਇਲਾਵਾ ਉਹ 40 ਮਝੈਲ ਸਿੱਖ ਵੀ ਸਨ, ਜਿਹੜੇ ਪਹਿਲਾਂ ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਸਨ। ਲੜਾਈ ਦੌਰਾਨ ਇਨ੍ਹਾਂ 40 ਸਿੰਘਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆ ਅਤੇ 40 ਮੁਕਤੇ ਕਹਾਏ। ਇਤਿਹਾਸਿਕ ਸਬੂਤ ਦੱਸਦੇ ਹਨ ਕਿ ਇਨ੍ਹਾਂ ਮੁਕਤਿਆਂ ਦੇ ਨਾਮ 'ਤੇ ਹੀ ਇਸ ਸ਼ਹਿਰ ਦਾ ਨਾਮ ਮੁਕਤਸਰ ਰੱਖਿਆ ਗਿਆ ਸੀ। ਇਸ ਸ਼ਹਿਰ ਨੂੰ 1995 ਵਿੱਚ ਜ਼ਿਲ੍ਹਾ ਹੈੱਡਕੁਆਰਟਰ ਬਣਾਇਆ ਗਿਆ ਸੀ। ਸਾਲ 2005 ਵਿੱਚ ਪੰਜਾਬ ਸਰਕਾਰ ਵੱਲੋਂ 40 ਮੁਕਤਿਆਂ ਦੀ ਸ਼ਹੀਦੀ ਯਾਦ ਵਿਚ ਕੋਟਕਪੂਰਾ-ਬਠਿੰਡਾ ਬਾਈਪਾਸ ’ਤੇ ‘ਮੁਕਤੇ ਮੀਨਾਰ ਪਾਰਕ’ ਦੀ ਸਥਾਪਨਾ ਕੀਤੀ ਗਈ ਸੀ, ਜਿਸਨੂੰ ‘ਖੰਡਾ ਸਾਹਿਬ ਪਾਰਕ’ ਵੀ ਕਿਹਾ ਜਾਂਦਾ ਹੈ। ਪੰਜਾਬ ਸਰਕਾਰ ਦੁਆਰਾ 2012 ਵਿੱਚ ਅਧਿਕਾਰਤ ਤੌਰ 'ਤੇ ਸ਼ਹਿਰ ਦਾ ਨਾਮ ਮੁਕਤਸਰ ਤੋਂ ਬਦਲ ਕੇ ਸ਼੍ਰੀ ਮੁਕਤਸਰ ਸਾਹਿਬ ਰੱਖ ਦਿੱਤਾ ਗਿਆ। ਭਾਰਤ ਦੀ 2011 ਦੀ ਮਰਦਮਸ਼ੁਮਾਰੀ ਅਨੁਸਾਰ ਆਬਾਦੀ ਦੇ ਲਿਹਾਜ਼ ਨਾਲ ਇਹ ਪੰਜਾਬ ਦਾ 14ਵਾਂ ਸਭ ਤੋਂ ਵੱਡਾ ਸ਼ਹਿਰ ਹੈ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ