ਨਵੀਂ ਜਾਣਕਾਰੀ

ਮੁਹੰਮਦ ਅਲੀ ਨਾਲ ਮੁਕਾਬਲਾ ਕਰਨ ਵਾਲਾ ਭਾਰਤ ਦਾ ਇਕਲੌਤਾ ਮੁੱਕੇਬਾਜ਼ - ਕੌਰ ਸਿੰਘ

ਕੌਰ ਸਿੰਘ ਪੰਜਾਬ ਦਾ ਇੱਕ ਸਾਬਕਾ ਮੁੱਕੇਬਾਜ਼ ਹੈ। ਉਸਨੇ 1984 ਵਿੱਚ ਲਾਸ ਏਂਜਲਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਕੌਰ ਸਿੰਘ ਨੇ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ, ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਅਤੇ ਏਸ਼ੀਅਨ ਖੇਡਾਂ ਵਿੱਚ ਤਿੰਨ ਸੋਨ ਤਗਮੇ ਜਿੱਤੇ। ਕੌਰ ਸਿੰਘ ਦਾ ਜਨਮ ਪੰਜਾਬ ਦੇ ਮਾਲਵਾ ਖੇਤਰ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਨਾਲ ਖੁਰਦ ਦੇ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਕਰਨੈਲ ਸਿੰਘ ਸੀ।

 ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਿਸਾਨ ਸੀ। ਕਿਉਂਕਿ ਉਸਦੇ ਪਿਤਾ ਨੇ ਕਹਿ ਦਿੱਤਾ ਸੀ ਕਿ ਉਹ ਜਾਂ ਤਾਂ ਫੌਜ ਵਿੱਚ ਭਰਤੀ ਹੋ ਜਾਵੇ ਜਾਂ ਫਿਰ ਖੇਤੀ ਕਰਨ ਲੱਗ ਜਾਵੇ। ਕੁਝ ਘਰੇਲੂ ਹਾਲਾਤਾਂ ਕਾਰਨ ਉਹ ਪੜਿਆ ਲਿਖਿਆ ਨਹੀਂ ਸੀ। ਉਹ ਕਿਸਾਨੀ ਕਰਦਾ ਤਾਂ ਸੀ ਪਰ ਉਸਦਾ ਫੌਜ ਵੱਲ ਲਗਾਅ ਵੀ ਸੀ। ਤਦ ਉਸਨੂੰ ਪਤਾ ਲੱਗਿਆ ਕਿ ਪਟਿਆਲੇ ਫੌਜ ਦੀ ਭਰਤੀ ਹੈ। ਪਰ ਪਟਿਆਲੇ ਵਿੱਚ ਭਰਤੀ ਵੇਖਣ ਲਈ ਉਸ ਕੋਲ ਜਾਣ ਲਈ ਕਿਰਾਇਆ ਨਹੀਂ ਸੀ। ਕੌਰ ਸਿੰਘ ਨੇ ਆਪਣੇ ਚਾਚੇ ਮਹਿੰਦਰ ਸਿੰਘ ਤੋਂ 13 ਰੁਪਏ ਮੰਗ ਕੇ ਭਰਤੀ ਪ੍ਰਕਿਰਿਆ ਵਿੱਚ ਭਾਗ ਲਿਆ। 

ਉਹ 1971 ਵਿੱਚ 23 ਸਾਲ ਦੀ ਉਮਰ ਵਿੱਚ ਹੌਲਦਾਰ ਵਜੋਂ ਫੌਜ ਵਿੱਚ ਭਰਤੀ ਹੋਇਆ ਸੀ। ਕੁਝ ਮਹੀਨਿਆਂ ਬਾਅਦ, ਉਸਨੇ ਰਾਜਸਥਾਨ ਦੇ ਬਾੜਮੇਰ ਸੈਕਟਰ ਵਿੱਚ ਭਾਰਤ-ਪਾਕਿਸਤਾਨ ਯੁੱਧ ਵਿੱਚ ਹਿੱਸਾ ਲਿਆ। ਉਸ ਨੂੰ ਉਸ ਦੀ ਬਹਾਦਰੀ ਲਈ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਦਿਲਚਸਪ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਉਹ ਆਰਮੀ ਵਿੱਚ ਸ਼ਾਮਲ ਨਹੀਂ ਹੋਇਆ ਸੀ, ਉਸ ਨੂੰ ਮੁੱਕੇਬਾਜ਼ੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਨੇ ਮੁੱਕੇਬਾਜ਼ੀ ਫ਼ੌਜ ਵਿੱਚ ਹੀ ਸ਼ੁਰੂ ਕੀਤੀ ਸੀ। ਸਾਲ 1979 ਵਿੱਚ, ਕੌਰ ਸਿੰਘ ਨੇ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਸੀ। ਸਾਲ 1980 ਵਿੱਚ, ਕੌਰ ਸਿੰਘ ਨੇ ਮੁੰਬਈ ਵਿੱਚ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਮਗਾ ਜਿੱਤਿਆ। 

ਸਾਲ 1980 ਵਿੱਚ ਮੁਹੰਮਦ ਅਲੀ ਆਪਣੀ ਘਰਵਾਲੀ ਸਮੇਤ ਭਾਰਤ ਆਇਆ ਸੀ। ਮੁਹੰਮਦ ਅਲੀ ਇੱਕ ਅਮਰੀਕੀ ਪੇਸ਼ੇਵਰ ਮੁੱਕੇਬਾਜ਼ ਅਤੇ ਕਾਰਕੁਨ ਸੀ। ਉਸਨੂੰ ਵਿਆਪਕ ਤੌਰ 'ਤੇ 20ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਅਤੇ ਮਸ਼ਹੂਰ ਖੇਡ ਸ਼ਖਸੀਅਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਅਕਸਰ ਸਭ ਤੋਂ ਮਹਾਨ ਹੈਵੀਵੇਟ ਮੁੱਕੇਬਾਜ਼ ਵਜੋਂ ਦਰਜਾ ਦਿੱਤਾ ਜਾਂਦਾ ਹੈ। ਕੌਰ ਸਿੰਘ ਨੇ 27 ਜਨਵਰੀ, 1980 ਮੁਹੰਮਦ ਅਲੀ ਦੀ ਇਸ ਭਾਰਤ ਫੇਰੀ ਦੌਰਾਨ ਇੱਕ ਪ੍ਰਦਰਸ਼ਨੀ ਮੈਚ ਵਿੱਚ ਮੁਕਾਬਲਾ ਕੀਤਾ ਸੀ। ਇਹ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਚਾਰ-ਗੇੜ ਦਾ ਮੁਕਾਬਲਾ ਸੀ, ਜਿਸ ਨੂੰ 50,000 ਤੋਂ ਵੱਧ ਲੋਕਾਂ ਦੀ ਭੀੜ ਨੇ ਦੇਖਿਆ ਸੀ। ਬੇਸ਼ਕ, ਅਲੀ ਜਿੱਤ ਗਿਆ ਸੀ ਪਰ ਉਸਨੇ ਕੌਰ ਸਿੰਘ ਦੀ ਲੜਨ ਦੀ ਸ਼ੈਲੀ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਸੀ। 

1982 ਵਿੱਚ, ਕੌਰ ਸਿੰਘ ਨੇ ਨਵੀਂ ਦਿੱਲੀ ਵਿਖੇ ਹੋਈਆਂ ਹੈਵੀਵੇਟ ਸ਼੍ਰੇਣੀ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ, ਉਸੇ ਸਾਲ ਉਸ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਅਰਜੁਨ ਪੁਰਸਕਾਰ ਮਿਲਿਆ। ਉਹ 1983 ਤੱਕ ਚਾਰ ਸਾਲ ਮੁੱਕੇਬਾਜ਼ੀ ਦਾ ਰਾਸ਼ਟਰੀ ਚੈਂਪੀਅਨ ਰਿਹਾ। 1983 ਵਿੱਚ, ਭਾਰਤ ਸਰਕਾਰ ਨੇ ਕੌਰ ਸਿੰਘ ਨੂੰ ਭਾਰਤੀ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। 

ਕੌਰ ਸਿੰਘ ਨੇ ਲਾਸ ਏਂਜਲਸ ਓਲੰਪਿਕ ਵਿੱਚ ਭਾਗ ਲੈਣ ਅਤੇ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਬਾਅਦ 1984 ਵਿੱਚ ਮੁੱਕੇਬਾਜ਼ੀ ਕਰੀਅਰ ਤੋਂ ਸੰਨਿਆਸ ਲੈ ਲਿਆ ਜਿੱਥੇ ਉਸਨੇ ਦੋ ਮੁਕਾਬਲੇ ਜਿੱਤੇ ਪਰ ਤੀਜੇ ਮੈਚ ਵਿੱਚ ਹਾਰ ਗਿਆ ਸੀ। ਉਸਨੇ 1988 ਵਿੱਚ ਵਿਸ਼ਿਸ਼ਟ ਸੇਵਾ ਮੈਡਲ ਵੀ ਪ੍ਰਾਪਤ ਕੀਤਾ। ਉਸਦੇ ਸਰਟੀਫਿਕੇਟ ਅਤੇ ਮੈਡਲ 1994 ਵਿੱਚ ਸੇਵਾਮੁਕਤ ਹੋਣ ਤੱਕ ਉਸਦੀ ਆਰਮੀ ਯੂਨਿਟ ਵਿੱਚ ਪ੍ਰਦਰਸ਼ਿਤ ਕੀਤੇ ਗਏ ਸਨ। ਜਦੋਂ ਫੌਜ ਤੋਂ ਸੇਵਾਮੁਕਤ ਹੋ ਕੇ ਆਪਣੇ ਪਿੰਡ ਪਰਤਿਆ ਸੀ ਤਾਂ ਉਸ ਨੂੰ ਪਦਮ ਸ਼੍ਰੀ ਕੌਰ ਸਿੰਘ ਕਿਹਾ ਜਾਣ ਲੱਗਾ। 

ਹੁਣ ਉਹ ਕਾਫ਼ੀ ਬਜ਼ੁਰਗ ਹੋ ਚੁੱਕੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਉਨ੍ਹਾਂ ਨੇ ਵਿੱਤੀ ਸੰਕਟ ਦਾ ਸਾਹਮਣਾ ਕੀਤਾ। ਉਨ੍ਹਾਂ ਨੂੰ ਦਿਲ ਦੀ ਬੀਮਾਰੀ ਸੀ ਅਤੇ ਸਟੈਂਟ ਦੀ ਲੋੜ ਸੀ ਜਿਸ ਲਈ ਉਨ੍ਹਾਂ ਨੂੰ ਰਾਜ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ। ਪਰ ਉਨ੍ਹਾਂ ਦੇ ਇਲਾਜ ਲਈ ਲੋੜੀਂਦੇ 3 ਲੱਖ ਰੁਪਏ ਫੌਜ ਨੇ ਅਦਾ ਕਰ ਦਿੱਤੇ ਸਨ। ਉਹਨਾਂ ਦਾ ਕਹਿਣ ਹੈ ਕਿ ਉਹ ਅੱਜ ਵੀ 34 ਸਾਲ ਪਹਿਲਾਂ ਨਵੀਂ ਦਿੱਲੀ ਏਸ਼ੀਆਡ ਵਿੱਚ ਸੋਨ ਤਗਮਾ ਜਿੱਤਣ ਲਈ ਪੰਜਾਬ ਸਰਕਾਰ ਵੱਲੋਂ ਐਲਾਨੇ 1 ਲੱਖ ਰੁਪਏ ਦੇ ਇਨਾਮ ਦੀ ਉਡੀਕ ਕਰ ਰਹੇ ਹਨ। ਦਰਅਸਲ ਸਰਕਾਰਾਂ ਉਨ੍ਹਾਂ ਖਿਡਾਰੀਆਂ ਦੀ ਦੇਖਭਾਲ ਕਰਨ ਵਿੱਚ ਅਸਫਲ ਰਹਿੰਦੀਆਂ ਹਨ ਜੋ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਖੇਡਾਂ ਵਿੱਚ ਖਿਡਾਰੀਆਂ ਦੀ ਸਹੀ ਪ੍ਰਤਿਭਾ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਅਸਫਲਤਾ ਦੇ ਪਿੱਛੇ ਇਹ ਸਭ ਤੋਂ ਵੱਡੀ ਕਮਜ਼ੋਰੀ ਹੈ। ਸਰਕਾਰ ਨੂੰ ਅਜਿਹੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਆਰਥਿਕ ਪੱਖੋਂ ਥੱਲੇ ਨਹੀਂ ਡਿੱਗਣ ਦੇਣਾ ਚਾਹੀਦਾ। ਇਸ ਨਾਲ ਸੂਬੇ ਵਿੱਚ ਖੇਡਾਂ ਦਾ ਮਿਆਰ ਥੱਲੇ ਡਿੱਗ ਜਾਂਦਾ ਹੈ।

ਕੌਰ ਸਿੰਘ ਦੀ ਬਾਇਓਪਿਕ ਫਿਲਮ "ਪਦਮ ਸ਼੍ਰੀ ਕੌਰ ਸਿੰਘ" ਪ੍ਰੋਡਕਸ਼ਨ ਪੜਾਅ ਅਧੀਨ ਹੈ ਜੋ ਸ਼ਾਇਦ ਇਸ ਸਾਲ ਰਿਲੀਜ਼ ਹੋਵੇਗੀ। ਜਿਸ ਵਿੱਚ ਨਿਰਮਾਤਾ ਕਰਮ ਬਾਠ ਕੌਰ ਸਿੰਘ ਦਾ ਕਿਰਦਾਰ ਪੇਸ਼ ਕਰਨਗੇ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ