ਨਵੀਂ ਜਾਣਕਾਰੀ

20ਵੀਂ ਸਦੀ ਦੇ ਮਹਾਨ ਦਰਵੇਸ਼ ਅਤੇ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ

ਭਗਤ ਪੂਰਨ ਸਿੰਘ ਪੰਜਾਬ ਦੇ ਉੱਘੇ ਸਮਾਜਸੇਵੀ, ਚਿੰਤਕ, ਵਾਤਾਵਰਣ ਪ੍ਰੇਮੀ ਅਤੇ ਸਰਵ ਭਾਰਤ ਪਿੰਗਲਵਾੜਾ ਸੁਸਾਇਟੀ, ਅੰਮ੍ਰਿਤਸਰ ਦੇ ਮੋਢੀ ਸਨ। ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸਥਾਪਤ ਕਰਨ ਕਰ ਕੇ ਅਤੇ ਸਾਰੀ ਉਮਰ ਪਿੰਗਲੇ ਅਤੇ ਅਨਾਥਾਂ ਦੀ ਨਿਰਸੁਆਰਥ ਸੇਵਾ ਕਰਨ ਦੇ ਕਾਰਨ ਪੰਜਾਬ ਵਿੱਚ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ (ਰੋਹਣੋ) ਨੇੜੇ ਖੰਨਾ ਵਿੱਚ ਮਾਤਾ ਮਹਿਤਾਬ ਕੌਰ ਦੀ ਕੁਖੋਂ ਅਤੇ ਪਿਤਾ ਛਿੱਬੂ ਮੱਲ ਦੇ ਘਰ ਹੋਇਆ। ਪਿਤਾ ਸ਼ਾਹੂਕਾਰਾ ਕਰਦੇ ਸਨ। ਆਪ ਦੀ ਮਾਤਾ ਧਾਰਮਿਕ ਖਿਆਲਾਂ ਵਾਲੀ ਔਰਤ ਸੀ, ਜਿਸ ਨੇ ਆਪ ਦੇ ਦਿਲ ਵਿੱਚ ਦਇਆ ਭਾਵਨਾ ਪੈਦਾ ਕੀਤੀ।

 ਮਾਤਾ ਮਹਿਤਾਬ ਕੌਰ ਨੇ ਬਚਪਨ ਤੋਂ ਹੀ ਉਨ੍ਹਾਂ ਨੂੰ ਧਰੂ ਭਗਤ, ਹਨੂੰਮਾਨ, ਸ਼ਿਵ ਜੀ, ਭਰਥਰੀ ਭਗਤ, ਗੁਰੂਆਂ, ਪੀਰਾਂ, ਸੰਤਾਂ ਦੇ ਇਤਿਹਾਸ ਸਬੰਧੀ ਕਿੱਸੇ ਕਹਾਣੀਆਂ ਸੁਣਾ ਕੇ ਇਸ ਪਾਸੇ ਵੱਲ ਲਾਇਆ। ਭਗਤ ਪੂਰਨ ਸਿੰਘ ਨੇ ਮਰਨ ਕਿਨਾਰੇ ਬਿਸਤਰੇ 'ਤੇ ਪਈ ਆਪਣੀ ਮਾਤਾ ਨਾਲ ਇਹ ਪ੍ਰਣ ਕੀਤਾ ਕਿ ਮੈਂ ਉਮਰ ਭਰ ਕੁਆਰਾ ਰਹਾਂਗਾ ਤੇ ਬੇਸਹਾਰਾ, ਅਪੰਗਾਂ ਤੇ ਗ਼ਰੀਬਾਂ ਦੀ ਸੇਵਾ ਵਿਚ ਹੀ ਜੀਵਨ ਬਤੀਤ ਕਰਾਂਗਾ। ਭਗਤ ਪੂਰਨ ਸਿੰਘ ਦਾ ਬਚਪਨ ਦਾ ਨਾਂ ਰਾਮਜੀ ਦਾਸ ਸੀ। ਮੁੱਢਲੀ ਵਿੱਦਿਆ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। 

ਇੱਕ ਵਕਤ ਐਸਾ ਆਇਆ ਕਿ 1913 ਦੇ ਆਰਥਿਕ ਸੰਕਟ ਕਰ ਕੇ ਪਿਤਾ ਦਾ ਸ਼ਾਹੂਕਾਰਾ ਖਤਮ ਹੋ ਗਿਆ। ਗਰੀਬੀ ਨੇ ਘਰ ਵਿੱਚ ਆਣ ਪੈਰ ਪਸਾਰੇ। ਪਿਤਾ ਦੀ ਮੌਤ ਤੋਂ ਬਾਅਦ ਗੁਰਬਤ ਦੀ ਜ਼ਿੰਦਗੀ ਗੁਜ਼ਾਰਦਿਆਂ ਭਗਤ ਜੀ ਦੀ ਮਾਤਾ ਨੇ ਉਸਨੂੰ ਪੜ੍ਹਾਉਣਾ ਜਾਰੀ ਰੱਖਿਆ, ਭਾਵੇਂ ਇਸ ਲਈ ਆਪ ਦੀ ਮਾਤਾ ਨੂੰ ਕਿਸੇ ਡਾਕਟਰ ਦੇ ਘਰ ਭਾਂਡੇ ਮਾਂਜਣ ਦੀ ਨੌਕਰੀ ਹੀ ਕਿਉਂ ਨਾ ਕਰਨੀ ਪਈ। ਸੰਨ 1923 ਵਿੱਚ ਆਪ ਨੇ ਲੁਧਿਆਣੇ ਜਦ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਆਪ ਦੇ ਜੀਵਨ ਵਿੱਚ ਇੱਕ ਘਟਨਾ ਘਟੀ, ਜਿਸ ਦੇ ਚੱਲਦਿਆਂ ਆਪ ਦਾ ਝੁਕਾਅ ਗੁਰੂਘਰ ਵੱਲ ਜ਼ਿਆਦਾ ਹੋ ਗਿਆ ਤੇ ਆਪ ਡੇਹਰਾ ਸਾਹਿਬ ਲਾਹੌਰ ਸੇਵਾ ਕਰਦੇ ਰਹੇ।

ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਸੇਵਾ ਦਾ ਮੁੱਢ ਸੰਨ 1934 ਈ: ਵਿੱਚ ਇੱਕ ਚਾਰ ਸਾਲ ਦੇ ਬੱਚੇ (ਪਿਆਰਾ ਸਿੰਘ) ਦੀ ਸੇਵਾ ਤੋਂ ਸ਼ੁਰੂ ਕੀਤਾ। ਇਸ ਅਪਾਹਜ ਬੱਚੇ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਡਿਓੜ੍ਹੀ ਅੱਗੇ ਕੋਈ ਚੋਰੀ ਛੱਡ ਗਿਆ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰਕੇ ਆਖਿਆ, ''ਪੂਰਨ ਸਿੰਘ! ਤੂੰ ਹੀ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।'' ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿੱਬੜਿਆ ਜਿਸ ਕਰਕੇ ਉਸ ਦਾ ਨਾਂ ਪਿਆਰਾ ਸਿੰਘ ਹੋ ਗਿਆ। ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਤੇ ਮਾਨੋ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਸੰਨ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਵੰਡ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ’ਤੇ ਜਦ ਭਾਰੀ ਕਹਿਰ ਟੁੱਟਾ ਤਾਂ ਆਪ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪਿਆਰਾ ਸਿੰਘ ਨੂੰ ਪਿੱਠ ’ਤੇ ਚੁੱਕ ਕੇ ਰਫਿਊਜੀ ਕੈਂਪ ਵਿੱਚ ਪਹੁੰਚੇ, ਜਿੱਥੇ ਆਪ ਨੇ ਤਨ-ਮਨ ਨਾਲ ਸੇਵਾ ਨਿਭਾਈ।

 ਸੰਨ 1958 ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਅਤੇ ਜਲੰਧਰ, ਸੰਗਰੂਰ, ਮਾਨਾਵਾਲਾ, ਪਲਸੌਰਾ ਅਤੇ ਗੋਇੰਦਵਾਲ ਬ੍ਰਾਂਚਾਂ ਵਿੱਚ 1200 ਦੇ ਕਰੀਬ ਲਾਵਾਰਸ ਇੱਥੇ ਹਨ। ਉਨ੍ਹਾਂ ਦੀ ਸੇਵਾ ਸੰਭਾਲ ਲਈ ਸਿਹਤ ਕਰਮਚਾਰੀ ਅਤੇ ਸਟਾਫ਼ ਤਾਇਨਾਤ ਹੈ। ਪਿੰਗਲਵਾੜੇ ਵਿੱਚ ਮੁਢਲੀਆਂ ਡਾਕਟਰੀ ਸਹੂਲਤਾਂ ਵਾਲੀ ਟਰਾਮਾ ਵੈਨ, ਜੀ.ਟੀ.ਰੋਡ ਉੱਤੇ ਹੁੰਦੇ ਸੜਕ ਹਾਦਸਿਆਂ ਦੇ ਪੀੜਤਾਂ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਲੋੜਵੰਦ ਅੰਗਹੀਣਾਂ ਲਈ ਭਗਤ ਜੀ ਦੀ ਯਾਦ ਵਿੱਚ ਇੱਕ ਬਨਾਉਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ। ਜਿਥੇ ਅੰਗਹੀਣਾਂ ਨੂੰ ਮੁਫ਼ਤ ਬਨਾਉਟੀ ਅੰਗ ਲਗਾਏ ਜਾਂਦੇ ਹਨ। ਗਰੀਬ ਬੱਚਿਆਂ ਦੀ ਸਿੱਖਿਆ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਸਨ ਅਤੇ ਉਨ੍ਹਾਂ ਦੇ ਜਾਨਸ਼ੀਨ ਡਾ: ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਕਰ ਰੱਖੀ ਹੈ।

ਭਗਤ ਪੂਰਨ ਸਿੰਘ ਜੀ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਮੁਹਾਰਤ ਰੱਖਣ ਵਾਲੇ, ਸਾਹਿਤ ਰਸੀਏ ਸਨ। ਵਾਤਾਵਰਨ, ਪ੍ਰਦੂਸ਼ਣ, ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਆਦਿ ਮੁੱਦਿਆਂ ਦੀ ਸ਼ੁਰੂਆਤ ਭਗਤ ਪੂਰਨ ਸਿੰਘ ਨੇ ਕੀਤੀ ਸੀ। ਭਗਤ ਜੀ ਰੁੱਖ ਲਗਾਉਣ ਅਤੇ ਰੁੱਖ ਬਚਾਉਣ ਦੀ ਗੱਲ ਕਰਦੇ ਸਨ ਤਾਂ ਉਹ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਨਹੀਂ ਸਨ ਰਹਿੰਦੇ, ਸਗੋਂ ਹਕੀਕਤ ਵਿੱਚ ਕੁਝ ਕਰ ਕੇ ਵੀ ਵਿਖਾਉਂਦੇ ਸਨ। ਜੋ ਰੱਦੀ ਜਾਂ ਵਰਤੇ ਹੋਏ ਕਾਗਜ਼ ਦੇ ਇੱਕ ਪਾਸੇ ਲਿਖ ਕੇ ਦੂਸਰਾ ਪਾਸਾ ਖਾਲੀ ਛੱਡਿਆ ਜਾਂਦਾ ਹੈ, ਪਿੰਗਲਵਾੜੇ ਵਿੱਚ ਲਿਖਣ ਜਾਂ ਛਪਾਈ ਦੇ ਜਿੰਨੇ ਕੰਮ ਹੁੰਦੇ ਸਨ, ਉਹ ਸਾਰੇ ਕਾਗਜ਼ ਦੇ ਉਸ ਪਾਸੇ ਹੁੰਦੇ। ਉਹ ਮੰਨਦੇ ਸਨ ਕਿ ਜਿੰਨਾ ਵਧੇਰੇ ਕਾਗਜ਼ ਵਰਤਿਆ ਜਾਂਦਾ ਹੈ, ਓਨੇ ਵਧੇਰੇ ਰੁੱਖ ਕੱਟੇ ਜਾਂਦੇ ਹਨ। ਅੱਜ ਵੀ ਧਾਰਮਿਕ ਥਾਵਾਂ ’ਤੇ ਪਿੰਗਲਵਾੜਾ ਸੰਸਥਾ ਵੱਲੋਂ ਮੁਫ਼ਤ ਸਾਹਿਤ ਵੰਡਿਆ ਜਾਂਦਾ ਹੈ। 

ਭਗਤ ਜੀ ਪ੍ਰਦੂਸ਼ਣ ਪ੍ਰਤੀ ਜਾਗਰੂਕ ਸਨ ਤਾਂ ਹੀ ਉਹਨਾ ਨੇ ਕਾਰ ਜਾਂ ਬੱਸ ਰਾਹੀਂ ਬਹੁਤ ਘੱਟ ਸਫ਼ਰ ਕੀਤਾ ਹੋਵੇਗਾ। ਉਹ ਹਮੇਸ਼ਾ ਰੇਲ ਗੱਡੀ ਰਾਹੀਂ ਸਫ਼ਰ ਕਰਦੇ। ਭਗਤ ਜੀ ਨੇ ਪਿੰਗਲਵਾੜੇ ਵਿੱਚ ਏ.ਸੀ ਨਹੀਂ ਲੱਗਣ ਦਿੱਤਾ ਕਿਉਂਕਿ ਵਾਯੂ ਮੰਡਲ ਵਿਚਲੀ ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਹਨ। ਭਗਤ ਜੀ ਨੇ ਖੱਦਰ ਦਾ ਰੱਜ ਕੇ ਪ੍ਰਚਾਰ ਕੀਤਾ ਕਿਉਂਕੇ ਖੱਦਰ ਦੇ ਕੱਪੜੇ ਸਾਡੇ ਭਾਰਤੀ ਵਾਤਾਵਰਨ ਵਿੱਚ ਬਹੁਤ ਢੁਕਵੇਂ ਹਨ। ਭਗਤ ਜੀ ਨੇ ਆਪਣੀ ਜ਼ਿੰਦਗੀ ਵਿੱਚ ਅਣਗਿਣਤ ਤ੍ਰਿਵੈਣੀਆਂ ਲਗਵਾਈਆਂ। ਜੇਕਰ ਸਰਕਾਰ ਅਤੇ ਸਮਾਜ ਸੇਵਕ ਅੱਜ ਵਾਤਾਵਰਨ ਦੇ ਸੰਭਾਲ ਦੀ ਗੱਲ ਕਰਦੇ ਹਨ ਤਾਂ ਸੱਚੀ ਗੱਲ ਇਹ ਹੈ ਕਿ ਇਸ ਗੱਲ ਦੇ ਸਿਰਜਕ ਅਤੇ ਪ੍ਰਚਾਰਕ ਹੋਣ ਦਾ ਅਸਲ ਸਿਹਰਾ ਭਗਤ ਪੂਰਨ ਸਿੰਘ ਜੀ ਨੂੰ ਜਾਂਦਾ ਹੈ।

1981 ਪਦਮ ਸ਼੍ਰੀ ਐਵਾਰਡ, ਭਗਤ ਜੀ ਦੇ ਦਿਲ ਨੂੰ ਸਾਕਾ ਨੀਲਾ ਤਾਰਾ ਦੀ ਦੁਖਦਾਇਕ ਘਟਨਾ ਤੋਂ ਏਨਾ ਸਦਮਾ ਪਹੁੰਚਿਆ ਕਿ ਇੰਨ੍ਹਾਂ ਨੇ ਰੋਸ ਵਜੋਂ ਇਹ ਅਵਾਰਡ ਵਾਪਸ ਕਰ ਦਿੱਤਾ। ਭਗਤ ਪੂਰਨ ਸਿੰਘ ਜੀ ਨੂੰ 1990 'ਚ ਹਾਰਮਨੀ ਐਵਾਰਡ, 1991 'ਚ ਲੋਕ ਰਤਨ ਐਵਾਰਡ ਵੀ ਪ੍ਰਾਪਤ ਹੋਏ। ਭਗਤ ਪੂਰਨ ਸਿੰਘ ਨੇ ਆਪਣਾ ਅਖ਼ੀਰਲਾ ਸਮਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅੱਗੇ ਬੈਠ ਕੇ ਸੰਗਤ ਨੂੰ ਮਾਨਵ ਸੇਵਾ, ਪਰਉਪਕਾਰ ਅਤੇ ਵਾਤਾਵਰਨ ਸੰਭਾਲ ਵੀ ਪ੍ਰੇਰਦਿਆਂ ਬਤੀਤ ਕੀਤਾ। ਉਹ ਸਰੀਰਕ ਰੂਪ ਵਿੱਚ 5 ਅਗਸਤ 1992 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। 

ਭਗਤ ਪੂਰਨ ਸਿੰਘ ਨੂੰ ਫਿਲਮ "ਏਹ ਜਨਮ ਤੁਮ੍ਹਾਰੇ ਲੇਖੇ" ਵਿੱਚ ਪਵਨ ਮਲਹੋਤਰਾ ਦੇ ਨਾਲ ਮੁੱਖ ਭੂਮਿਕਾ ਵਿੱਚ ਦਰਸਾਇਆ ਗਿਆ ਸੀ। ਫਿਲਮ 30 ਜਨਵਰੀ 2015 ਨੂੰ ਰਿਲੀਜ਼ ਹੋਈ ਸੀ। ਪਿੰਗਲਵਾੜਾ(ਅੰਮ੍ਰਿਤਸਰ) ਦੇ ਨਜ਼ਦੀਕ 'ਭਗਤ ਪੂਰਨ ਸਿੰਘ ਯਾਦਗਾਰੀ ਗੇਟ' ਉਸਾਰਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 'ਭਗਤ ਪੂਰਨ ਸਿੰਘ ਚੇਅਰ' ਦੀ ਸਥਾਪਨਾ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ 10 ਦਸੰਬਰ 2004 ਨੂੰ ਭਗਤ ਪੂਰਨ ਸਿੰਘ ਜੀ ਦੀ ਇੱਕ ਡਾਕ-ਟਿਕਟ ਦਿੱਲੀ ਵਿਖੇ ਰਿਲੀਜ਼ ਕੀਤੀ ਗਈ ਸੀ। 

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ