ਨਵੀਂ ਜਾਣਕਾਰੀ

ਪੰਜ ਸਿਤਾਰਿਆਂ ਵਾਲਾ ਜਰਨੈਲ - ਅਰਜਨ ਸਿੰਘ

ਅਰਜਨ ਸਿੰਘ ਦਾ ਜਨਮ 15 ਅਪ੍ਰੈਲ 1919 ਨੂੰ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ ਵਿੱਚ) ਦੇ ਇੱਕ ਸ਼ਹਿਰ ਔਲਖ ਗੋਤ ਦੇ ਇੱਕ ਪੰਜਾਬੀ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਪਰਿਵਾਰ ਵਿੱਚ ਅਰਜਨ ਸਿੰਘ ਬ੍ਰਿਟਿਸ਼ ਭਾਰਤੀ ਹਥਿਆਰਬੰਦ ਬਲਾਂ ਵਿਚ ਸ਼ਾਮਲ ਹੋਣ ਵਾਲੇ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਸੀ। ਅਰਜਨ ਸਿੰਘ ਦੇ ਪਿਤਾ ਉਨ੍ਹਾਂ ਦੇ ਜਨਮ ਸਮੇਂ ਹਾਡਸਨ'ਸ ਹੌਰਸ ਵਿੱਚ ਇੱਕ ਲਾਂਸ ਡਫਦਾਰ(ਬ੍ਰਿਟਿਸ਼ ਭਾਰਤੀ ਫੌਜ ਦੇ ਘੋੜ-ਸਵਾਰ ਯੂਨਿਟਾਂ ਵਿੱਚ ਕਾਰਪੋਰਲ ਦੇ ਬਰਾਬਰ ਦਰਜਾ) ਸਨ ਅਤੇ ਕੈਵਲਰੀ ਵਿੱਚ ਇੱਕ ਪੂਰੇ ਰਿਸਾਲਦਾਰ(ਰਿਸਾਲਦਾਰ ਜਿਸਦਾ ਅਰਥ ਹੈ ਫਾਰਸੀ ਵਿੱਚ ਇੱਕ ਰਿਸਾਲਾ ਦਾ ਕਮਾਂਡਰ, ਭਾਰਤੀ ਅਤੇ ਪਾਕਿਸਤਾਨੀ ਫੌਜ ਦੇ ਘੋੜਸਵਾਰ ਅਤੇ ਬਖਤਰਬੰਦ ਯੂਨਿਟਾਂ ਵਿੱਚ ਇੱਕ ਮੱਧ-ਪੱਧਰ ਦਾ ਰੈਂਕ) ਵਜੋਂ ਸੇਵਾਮੁਕਤ ਹੋਏ। ਉਸਦੇ ਦਾਦਾ ਰਿਸਾਲਦਾਰ ਮੇਜਰ ਹੁਕਮ ਸਿੰਘ ਨੇ 1883 ਅਤੇ 1917 ਦੇ ਵਿਚਕਾਰ ਗਾਈਡ ਕੈਵਲਰੀ(ਫਰੰਟੀਅਰ ਫੋਰਸ) ਵਿੱਚ ਸੇਵਾ ਕੀਤੀ  ਅਤੇ ਪੜਦਾਦਾ, ਨਾਇਬ ਰਿਸਾਲਦਾਰ ਸੁਲਤਾਨਾ ਸਿੰਘ, 1854 ਵਿੱਚ ਭਰਤੀ ਗਾਈਡ ਕੈਵਲਰੀ ਦੀਆਂ ਪਹਿਲੀਆਂ ਦੋ ਪੀੜ੍ਹੀਆਂ ਵਿੱਚੋਂ ਸਨ; ਉਹ 1879 ਦੀ ਅਫਗਾਨ ਮੁਹਿੰਮ ਦੌਰਾਨ ਸ਼ਹੀਦ ਹੋ ਗਏ ਸਨ। ਇਸ ਤਰ੍ਹਾਂ, ਫੌਜ ਦੇ ਹੇਠਲੇ ਅਤੇ ਮੱਧ ਰੈਂਕ ਵਿੱਚ ਸੇਵਾ ਕਰਨ ਵਾਲੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਤੋਂ ਬਾਅਦ, ਅਰਜਨ ਸਿੰਘ ਇੱਕ ਕਮਿਸ਼ਨਡ ਅਫਸਰ ਬਣਨ ਵਾਲੇ ਆਪਣੇ ਪਰਿਵਾਰ ਦਾ ਪਹਿਲਾ ਮੈਂਬਰ ਬਣਨਾ ਚਾਹੁੰਦਾ ਸੀ।
ਅਰਜਨ ਸਿੰਘ ਨੇ ਮਿੰਟਗੁਮਰੀ(ਹੁਣ ਸਾਹੀਵਾਲ, ਪਾਕਿਸਤਾਨ) ਵਿਖੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਅਰਜਨ ਸਿੰਘ ਨੂੰ ਸਰਕਾਰੀ ਕਾਲਜ ਲਾਹੌਰ ਵਿਚ ਪੜ੍ਹਨ ਪਾਇਆ। ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਨੇ ਉਪਲੱਬਧੀਆਂ ਹਾਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਕਾਲਜ ਦੀ ਤੈਰਾਕੀ ਟੀਮ ਦਾ ਕਪਤਾਨ ਸਨ ਅਤੇ ਤੈਰਾਕੀ ਵਿੱਚ ਚਾਰ ਪੰਜਾਬ ਪੱਧਰ ਅਤੇ ਚਾਰ ਯੂਨੀਵਰਸਿਟੀ ਪੱਧਰ ਦੇ ਰਿਕਾਰਡ ਕਾਇਮ ਕੀਤੇ। ਉਨ੍ਹਾਂ ਨੇ 1938 ਵਿੱਚ ਆਲ-ਇੰਡੀਆ ਵਨ-ਮੀਲ ਤੈਰਾਕੀ ਈਵੈਂਟ ਵੀ ਜਿੱਤਿਆ ਸੀ। ਉਨ੍ਹਾਂ ਨੇ ਡੇਢ ਮੀਲ ਤੈਰਾਕੀ ਪ੍ਰਤੀਯੋਗਤਾ ਮੁਕਾਬਲੇ 'ਚ ਫ੍ਰੀ ਸਟਾਈਲ ਤੈਰਾਕੀ 'ਚ ਆਲ ਇੰਡੀਆ ਰਿਕਾਰਡ ਵੀ ਬਣਾਇਆ ਸੀ। ਪਾਇਲਟ ਦੀ ਸਿਖਲਾਈ ਲਈ 1938 'ਚ ਉਨ੍ਹਾਂ ਨੇ ਰਾਇਲ ਏਅਰ ਫੋਰਸ, ਕ੍ਰੇਨਵੇਲ ਵਿੱਚ ਦਾਖਲਾ ਲਿਆ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 19 ਸਾਲ ਦੀ ਸੀ। ਭਾਰਤੀ ਕੈਡੇਟਸ ਦੇ ਆਪਣੇ ਬੈਚ 'ਚ ਉਨ੍ਹਾਂ ਨੇ ਕੋਰਸ 'ਚ ਟਾਪ ਦਿੱਤਾ। ਕਾਲਜ ਦੇ ਦਿਨਾਂ 'ਚ ਉਹ ਤੈਰਾਕੀ, ਐਥਲੇਟਿਕਸ ਅਤੇ ਹਾਕੀ ਟੀਮਾਂ ਦੇ ਉਪ ਕਪਤਾਨ ਰਹੇ।

ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਬਰਮਾ ਦੇ ਅਭਿਆਨ 'ਚ ਬੇਮਿਸਾਲ ਲੀਡਰਸ਼ਿਪ ਅਤੇ ਸਾਹਸ ਦਾ ਪ੍ਰਦਰਸ਼ਨ ਕੀਤਾ। ਇਸ ਦੇ ਲਈ 1944 'ਚ ਉਨ੍ਹਾਂ ਨੂੰ ਬ੍ਰਿਟਿਸ਼ ਪੁਰਸਕਾਰ ਡਿਸਟਿੰਗੂਇਸ਼ਡ ਫਲਾਇੰਗ ਕਰਾਸ (ਡੀ. ਐੱਫ. ਸੀ.) ਨਾਲ ਸਨਮਾਨਿਤ ਕੀਤਾ ਗਿਆ। 15 ਅਗਸਤ, 1947 ਨੂੰ ਉਨ੍ਹਾਂ ਨੂੰ ਲਾਲ ਕਿਲੇ ਉੱਪਰ ਭਾਰਤੀ ਹਵਾਈ ਫੌਜ ਦੇ 100 ਤੋਂ ਜ਼ਿਆਦਾ ਜਹਾਜ਼ਾਂ ਦੀ ਫਲਾਈਪਾਸਟ ਦੀ ਅਗਵਾਈ ਕਰਨ ਦਾ ਅਨੋਖਾ ਸਨਮਾਨ ਮਿਲਿਆ। ਉਸੇ ਦਿਨ ਉਨ੍ਹਾਂ ਨੇ ਗਰੁੱਪ ਕੈਪਟਨ ਦੇ ਰੈਂਕ 'ਤੇ ਏਅਰ ਫੋਰਸ ਸਟੇਸ਼ਨ ਅੰਬਾਲਾ ਦੀ ਕਮਾਨ ਸੰਭਾਲੀ।

1949 'ਚ ਉਨ੍ਹਾਂ ਨੇ ਅਪਰੇਸ਼ਨਲ ਕਮਾਨ ਦੇ ਏਅਰ ਆਫਿਸਰ ਕਮਾਂਡਿੰਗ (ਏ. ਓ. ਸੀ.) ਦੇ ਤੌਰ 'ਤੇ ਅਹੁਦਾ ਸੰਭਾਲਿਆ। ਬਾਅਦ 'ਚ ਅਪਰੇਸ਼ਨਲ ਕਮਾਨ ਦਾ ਨਾਂ ਪੱਛਮੀ ਹਵਾਈ ਕਮਾਨ ਹੋ ਗਿਆ। ਅਰਜਨ ਸਿੰਘ ਨੂੰ 1949 ਤੋਂ 1952 ਤੱਕ ਅਤੇ 1957 ਤੋਂ 1961 ਤੱਕ ਸਭ ਤੋਂ ਜ਼ਿਆਦਾ ਸਮੇਂ ਤੱਕ ਅਪਰੇਸ਼ਨਲ ਕਮਾਨ ਦੇ ਏ. ਓ. ਸੀ. ਰਹਿਣ ਦੀ ਖਾਸ ਥਾਂ ਹਾਸਲ ਹੋਈ। ਏ. ਓ. ਸੀ. ਤੋਂ ਪ੍ਰਮੋਟ ਹੋ ਕੇ ਉਹ ਏਅਰ ਵਾਇਸ ਮਾਰਸ਼ਲ ਦੇ ਅਹੁਦੇ ਤੱਕ ਪਹੁੰਚੇ। 1962 ਦੀ ਜੰਗ ਦੇ ਅੰਤ ਤੱਕ ਉਨ੍ਹਾਂ ਨੂੰ ਡਿਊਟੀ ਚੀਫ ਆਫ ਏਅਰ ਸਟਾਫ ਅਤੇ 1963 'ਚ ਵਾਈਸ ਚੀਫ ਆਫ ਏਅਰ ਸਟਾਫ ਨਿਯੁਕਤ ਕੀਤਾ ਗਿਆ।

ਹਵਾਈ ਫੌਜ ਮੁਖੀ ਦੇ ਤੌਰ 'ਤੇ ਉਨ੍ਹਾਂ ਨੇ 1965 'ਚ ਪਾਕਿਸਤਾਨ ਖਿਲਾਫ ਜੰਗ 'ਚ ਅਹਿਮ ਭੂਮਿਕਾ ਨਿਭਾਈ। ਭਾਰਤੀ ਹਵਾਈ ਫੌਜ ਨੇ ਪਾਕਿਸਤਾਨੀ ਹਵਾਈ ਫੌਜ ਨੂੰ ਹਰਾਉਣ 'ਚ ਕਾਮਯਾਬੀ ਹਾਸਲ ਕੀਤੀ। ਅਰਜਨ ਸਿੰਘ ਨੂੰ 1965 'ਚ ਉਨ੍ਹਾਂ ਦੀ ਬੇਮਿਸਾਲ ਲੀਡਰਸ਼ਿਪ ਕੌਸ਼ਲ ਲਈ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਜੰਗ 'ਚ ਹਵਾਈ ਫੌਜ ਦੇ ਯੋਗਦਾਨ ਨੂੰ ਦੇਖਦੇ ਹੋਏ ਹਵਾਈ ਫੌਜ ਮੁਖੀ ਦੀ ਰੈਂਕ ਨੂੰ ਅਪਗ੍ਰੇਡ ਕਰਕੇ ਏਅਰ ਚੀਫ ਮਾਰਸ਼ਲ ਕਰਕੇ ਦਿੱਤਾ ਗਿਆ। ਇਸ ਤਰ੍ਹਾਂ ਉਹ ਭਾਰਤੀ ਹਵਾਈ ਫੌਜ ਦੇ ਪਹਿਲੇ ਏਅਰ ਚੀਫ ਮਾਰਸ਼ਲ ਬਣ ਗਏ। 16 ਜੁਲਾਈ, 1969 ਨੂੰ ਉਹ ਹਵਾਈ ਫੌਜ 'ਚੋਂ ਸੇਵਾ ਮੁਕਤ ਹੋਏ ਸਨ।

1971 'ਚ ਅਰਜਨ ਸਿੰਘ ਨੂੰ ਸਵਿਟਜ਼ਰਲੈਂਡ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ। 3 ਸਾਲ ਬਾਅਦ ਉਨ੍ਹਾਂ ਨੂੰ ਕੀਨੀਆ 'ਚ ਦੇਸ਼ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ। 1978 'ਚ ਉਨ੍ਹਾਂ ਨੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਦੇ ਤੌਰ 'ਤੇ ਆਪਣੀ ਸੇਵਾ ਦਿੱਤੀ। ਬਾਅਦ 'ਚ ਉਹ ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ, ਨਵੀਂ ਦਿੱਲੀ ਦੇ ਚੇਅਰਮੈਨ ਬਣੇ ਅਤੇ 1983 ਤੱਕ ਅਹੁਦਾ 'ਤੇ ਰਹੇ। 1989 'ਚ ਉਨ੍ਹਾਂ ਨੂੰ ਦਿੱਲੀ ਦਾ ਉਪ ਰਾਜਪਾਲ ਬਣਾਇਆ ਗਿਆ। ਆਪਣੇ ਕੈਰੀਅਰ 'ਚ ਉਨ੍ਹਾਂ ਨੇ 60 ਵੱਖ-ਵੱਖ ਤਰ੍ਹਾਂ ਦੇ ਜਹਾਜ਼ਾਂ ਦੀ ਉਡਾਣ ਭਰੀ। ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਇਸਤੇਮਾਲ ਹੋਣ ਵਾਲੇ ਬਾਈਪਲੇਨ ਤੋਂ ਲੈ ਕੇ ਸੁਪਰਸੋਨਿਕ ਮਿਗ-21 ਤੱਕ ਦੀ ਉਡਾਣ ਭਰੀ। ਉਨ੍ਹਾਂ ਨੇ ਪਹਿਲੀ ਵਾਰ ਹਵਾਈ ਫੌਜ ਮੁਖੀ ਦੇ ਤੌਰ 'ਤੇ ਇਕੱਲੇ ਮਿਗ-21 ਦੀ ਉਡਾਣ ਭਰੀ ਸੀ।
ਉਨ੍ਹਾਂ ਦੀਆਂ ਸੇਵਾਵਾਂ ਦੇ ਸਨਮਾਨ ਵਿੱਚ, ਭਾਰਤ ਸਰਕਾਰ ਨੇ ਜਨਵਰੀ 2002 ਵਿੱਚ ਅਰਜਨ ਸਿੰਘ ਨੂੰ ਏਅਰ ਫੋਰਸ ਦੇ ਮਾਰਸ਼ਲ ਦਾ ਰੈਂਕ ਪ੍ਰਦਾਨ ਕੀਤਾ, ਉਹ ਭਾਰਤੀ ਹਵਾਈ ਸੈਨਾ ਦੇ ਪਹਿਲੇ ਅਤੇ ਇਕਲੌਤੇ ਅਧਿਕਾਰੀ ਸਨ ਜਿਨ੍ਹਾਂ ਨੂੰ ਪੰਜ ਸਿਤਾਰਾ ਵਜੋਂ ਤਰੱਕੀ ਦਿੱਤੀ ਗਈ ਸੀ। ਉਨ੍ਹਾਂ ਨੇ ਹਵਾਈ ਸੈਨਾ ਦੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਵੀ ਕੰਮ ਕੀਤਾ, ਇਸ ਲਈ ਇੱਕ ਟਰੱਸਟ ਸਥਾਪਤ ਕਰਨ ਲਈ ਆਪਣੀ ਨਿੱਜੀ ਦੌਲਤ ਵਿੱਚੋਂ 2 ਕਰੋੜ ਰੁਪਏ ਦਾ ਯੋਗਦਾਨ ਪਾਇਆ। ਮਾਰਸ਼ਲ ਅਰਜਨ ਸਿੰਘ ਦਾ 16 ਸਤੰਬਰ 2017 ਨੂੰ 98 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਸੀ। ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਸਾਲਾਨਾ ਮਾਰਸ਼ਲ ਅਰਜਨ ਸਿੰਘ ਮੈਮੋਰੀਅਲ ਆਲ ਇੰਡੀਆ ਹਾਕੀ ਟੂਰਨਾਮੈਂਟ ਦਾ ਆਯੋਜਨ ਕਰਦਾ ਹੈ। 

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ