ਨਵੀਂ ਜਾਣਕਾਰੀ

ਨਿਊ ਜਰਸੀ ਦੀ ਇੱਕ ਔਰਤ ਜਿਸਨੇ ਆਪਣੀ ਜਿੰਦਗੀ ਵਿੱਚ 5400 ਚਮਚੇ ਇਕੱਠੇ ਕੀਤੇ

ਹਰ ਇੱਕ ਵਿਅਕਤੀ ਦਾ ਆਪਣਾ ਆਪਣਾ ਸ਼ੌਕ ਹੁੰਦਾ ਹੈ ਪਰ ਕੁਝ ਕੁ ਵਿਅਕਤੀਆਂ ਨੂੰ ਛੱਡ ਬਹੁਤਿਆਂ ਦੇ ਸ਼ੌਕ ਆਮ ਹੀ ਹੁੰਦੇ ਹਨ ਜਿਵੇਂ ਕੋਈ ਖੇਡ ਖੇਡਣੀ, ਸੰਗੀਤ ਸੁਣਨਾ ਆਦਿ। ਦੁਨੀਆਂ ਦੇ ਕੁਝ ਬੰਦਿਆਂ ਨੇ ਆਪਣੇ ਵਿਲੱਖਣ ਸ਼ੌਕ ਅਪਣਾ ਕੇ ਵੱਖਰੀ ਪਹਿਚਾਣ ਬਣਾਈ ਹੈ। ਅੱਜ ਇੱਕ ਔਰਤ ਬਰਥਾ ਸ਼ੈਫਰ ਕੋਏਮਪਲ(Bertha Schaefer Koempel) ਦੀ ਗੱਲ ਕਰਦੇ ਹਾਂ ਜੋ ਅਜਿਹਾ ਹੀ ਇੱਕ ਵੱਖਰਾ ਸ਼ੌਕ ਰੱਖਦੀ ਸੀ। ਨਿਊ ਜਰਸੀ ਦੀ ਰਹਿਣ ਵਾਲੀ ਬਰਥਾ ਨੂੰ ਵੱਖਰੇ ਤਰ੍ਹਾਂ ਦੇ ਚਮਚੇ ਇਕੱਠੇ ਕਰਨ ਦਾ ਬੜਾ ਸ਼ੌਕ ਸੀ। ਉਹ ਜਦੋਂ ਵੀ ਕਿੱਧਰੇ ਘੁੰਮਣ ਜਾਂਦੀ ਤਾਂ ਉੱਥੋਂ ਯਾਦਗਾਰ ਦੇ ਤੌਰ ਤੇ ਰੱਖਣ ਲਈ ਵੱਖਰੇ ਤਰੀਕੇ ਦੇ ਚਮਚੇ ਲੈ ਕੇ ਆਉਂਦੀ। 
ਬਰਥਾ ਦਾ ਜਨਮ 1882 ਵਿੱਚ ਹੋਇਆ ਸੀ। ਉਸਦੇ ਪਿਤਾ, ਲੂਈ ਸ਼ੈਫਰ, ਰਸਾਇਣ ਵਿਗਿਆਨ ਦੇ ਖੇਤਰ ਵਿੱਚ ਇੱਕ ਨਾਮਵਰ ਵਿਅਕਤੀ ਸਨ ਅਤੇ 1895 ਵਿੱਚ ਜਰਮਨੀ ਤੋਂ ਪੈਟਰਸਨ ਚਲੇ ਗਏ ਸਨ। ਲੂਈ ਸ਼ੈਫਰ ਨੇ ਮੇਵੁੱਡ ਵਿੱਚ ਮੇਵੁੱਡ ਕੈਮੀਕਲ ਵਰਕਸ ਦੀ ਸਥਾਪਨਾ ਕੀਤੀ ਅਤੇ ਜਿਸ ਨਾਲ ਪਰਿਵਾਰ ਕਾਫ਼ੀ ਅਮੀਰ ਹੋ ਗਿਆ ਸੀ। ਬਰਥਾ ਸ਼ੈਫਰ ਕੋਏਮਪਲ 13 ਸਾਲ ਦੀ ਸੀ ਜਦੋਂ ਉਹ ਪੈਟਰਸਨ ਪਹੁੰਚੀ ਅਤੇ ਚਾਂਦੀ ਦੇ ਚਮਚੇ ਇਕੱਠੇ ਕਰਨ ਦੇ ਅਮਰੀਕੀ ਸ਼ੌਕ ਵਿੱਚ ਫਸ ਗਈ। ਦਰਅਸਲ ਸੰਯੁਕਤ ਰਾਜ ਅਮਰੀਕਾ ਵਿੱਚ 1890 ਦੇ ਆਸਪਾਸ ਚਮਚਾ ਇਕੱਠਾ ਕਰਨਾ ਇੱਕ ਸ਼ੌਕ ਬਣ ਗਿਆ ਸੀ ਕਿਉਂਕਿ ਯਾਤਰੀਆਂ ਨੇ ਵਿਦੇਸ਼ਾਂ ਦੀਆਂ ਆਪਣੀਆਂ ਯਾਤਰਾਵਾਂ ਦੇ ਯਾਦਗਾਰੀ ਚਿੰਨ੍ਹ ਵਜੋਂ ਚਮਚੇ ਇਕੱਤਰ ਕੀਤੇ ਸਨ। ਛੋਟੇ ਹੁੰਦਿਆਂ ਹੀ ਬਰਥਾ ਅੰਦਰ ਵੀ ਇਹ ਸ਼ੌਕ ਜਾਗ ਗਿਆ ਸੀ। ਇਸ ਲਈ ਉਸਦੇ ਜਨਮਦਿਨ ਜਾਂ ਹੋਰਨਾਂ ਦਿਨ ਤਿਉਹਾਰਾਂ ਮੌਕੇ ਉਹ ਚਮਚਿਆਂ ਨੂੰ ਗਿਫ਼ਟ ਵਜੋਂ ਪ੍ਰਾਪਤ ਕਰਕੇ ਖੁਸ਼ੀ ਹੁੰਦੀ ਸੀ।

ਇਹ ਇੱਕ ਸ਼ੌਕ ਸੀ ਜਿਸ ਤੋਂ ਬਰਥਾ ਕਦੇ ਨਹੀਂ ਥੱਕਦੀ ਸੀ। ਉਸਨੇ ਉੱਤਰੀ ਅਫ਼ਰੀਕਾ ਅਤੇ ਮਿਸਰ ਤੱਕ ਦੂਰੋਂ ਚੱਮਚ ਇਕੱਠੇ ਕੀਤੇ। 1966 ਤੱਕ ਆਪਣੇ ਪੂਰੇ ਜੀਵਨ ਕਾਲ ਦੌਰਾਨ ਇਕੱਤਰ ਕੀਤੇ ਚਮਚਿਆ ਨਾਲ ਬਰਥਾ ਦੇ ਕੋਲ 5,400 ਤੋਂ ਵੱਧ ਚੱਮਚਿਆਂ ਦਾ ਸੰਗ੍ਰਹਿ ਸੀ। ਭਾਵੇਂ ਉਹ ਦੁਨੀਆਂ ਦੇ ਬਹੁਤੇ ਦੇਸ਼ ਨਹੀਂ ਘੁੰਮੀ ਸੀ ਪਰ ਉਸਦੇ ਦੋਸਤਾਂ ਅਤੇ ਉਸਦੇ ਪਰਿਵਾਰ ਵਿੱਚੋਂ ਜਦ ਵੀ ਕੋਈ ਹੋਰ ਦੇਸ਼ ਜਾਂ ਦੂਰ ਦੁਰਾਡੇ ਜਾਂਦਾ ਤਾਂ ਉਹ ਬਰਥਾ ਲਈ ਚਮਚੇ ਜ਼ਰੂਰ ਲਿਆਉਂਦਾ ਸੀ। 
ਉਸਦੇ ਜੀਵਨ ਦੇ ਅੰਤ ਤੱਕ, ਉਸਦਾ ਸੰਗ੍ਰਹਿ ਇੰਨਾ ਮਸ਼ਹੂਰ ਹੋ ਗਿਆ ਸੀ, "ਜੀਓਪਾਰਡੀ" ਨਾਮਕ ਟੀਵੀ ਗੇਮਸ਼ੋਅ ਵਿੱਚ ਵੀ ਇੱਕ ਸਵਾਲ ਇਸ 'ਤੇ ਪੁੱਛਿਆ ਗਿਆ ਸੀ। ਚਮਚਿਆਂ ਦਾ ਇਹ ਵਿਸ਼ਾਲ ਸੰਗ੍ਰਹਿ ਪੈਟਰਸਨ, ਨਿਊ ਜਰਸੀ ਵਿੱਚ ਪੈਸੈਕ ਕਾਉਂਟੀ ਹਿਸਟੋਰੀਕਲ ਸੋਸਾਇਟੀ ਦੀ ਇਮਾਰਤ, ਲੈਂਬਰਟ ਕਿਲ੍ਹੇ ਵਿੱਚ ਰੱਖਿਆ ਗਿਆ ਹੈ, ਜੋ ਮੂਲ ਰੂਪ ਵਿੱਚ ਬੇਲੇ ਵਿਸਟਾ ਵਜੋਂ ਜਾਣਿਆ ਜਾਂਦਾ ਹੈ ਅਤੇ 1892 ਵਿੱਚ ਬਣਾਇਆ ਗਿਆ ਸੀ, ਇਹ ਕੈਥੋਲੀਨਾ ਲੈਂਬਰਟ ਦਾ ਆਲੀਸ਼ਾਨ ਨਿਵਾਸ ਸੀ, ਜੋ ਇੱਕ ਅੰਗਰੇਜ਼ ਅਤੇ ਰੇਸ਼ਮ ਉਦਯੋਗ ਦੀ ਮਾਲਕ ਸੀ। ਇਹ ਇੱਕ ਇਤਿਹਾਸਿਕ ਇਮਾਰਤ ਹੈ। ਮਹਿਲ ਨੇ ਬਹੁਤ ਸਾਰੇ ਪ੍ਰਕਾਸ਼ਕਾਂ ਦੀ ਮੇਜ਼ਬਾਨੀ ਕੀਤੀ ਹੈ, ਇੱਥੋਂ ਤੱਕ ਕਿ ਰਾਸ਼ਟਰਪਤੀ ਮੈਕਕਿਨਲੇ ਵੀ ਅਤੇ ਇਸਨੂੰ 1976 ਵਿੱਚ ਨਿਊ ਜਰਸੀ ਦੇ ਇਤਿਹਾਸਕ ਸਥਾਨਾਂ ਦੇ ਨੈਸ਼ਨਲ ਰਜਿਸਟਰਾਂ ਵਿੱਚ ਸ਼ਾਮਲ ਕੀਤਾ ਗਿਆ ਸੀ। 

1966 ਵਿੱਚ ਬਰਥਾ ਦੇ ਮਰਨ ਤੋਂ ਬਾਅਦ, ਉਸਦੇ ਪੂਰੇ ਚਮਚਿਆਂ ਦਾ ਸੰਗ੍ਰਹਿ ਪੈਸੈਕ ਕਾਉਂਟੀ ਹਿਸਟੋਰੀਕਲ ਸੁਸਾਇਟੀ ਨੂੰ ਦਾਨ ਕਰ ਦਿੱਤਾ ਗਿਆ, ਜਿੱਥੇ ਉਹ ਲੈਂਬਰਟ ਕਿਲ੍ਹੇ ਅੰਦਰ ਮਿਊਜ਼ੀਅਮ ਵਿੱਚ ਰੱਖੇ ਗਏ। ਹੁਣ, ਸੰਗ੍ਰਹਿ ਦਾ ਇੱਕ ਛੋਟਾ ਜਿਹਾ ਹਿੱਸਾ ਦੇਖਣ ਲਈ ਉਪਲਬਧ ਹੈ। ਮੇਰੇ ਇੱਥੇ "ਛੋਟੇ ਹਿੱਸੇ" ਕਹਿਣ ਦਾ ਅਸਲ ਮਤਲਬ ਹੈ ਕਿ ਇੱਕ ਸਮੇਂ ਇਸ ਮਿਊਜ਼ੀਅਮ ਵਿੱਚ ਸਿਰਫ਼ 250 ਚਮਚੇ ਪ੍ਰਦਰਸ਼ਨੀ ‘ਤੇ ਲਗਾਏ ਜਾਂਦੇ ਹਨ। ਜੋ ਕੁਝ ਸਮੇਂ ਬਾਅਦ ਬਦਲ ਦਿੱਤੇ ਜਾਂਦੇ ਹਨ।

ਮੌਜੂਦਾ ਸੰਗ੍ਰਹਿ ਨੂੰ ਕਈ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਅਫ਼ਰੀਕਾ ਅਤੇ ਮੱਧ ਪੂਰਬ ਤੋਂ ਯਾਦਗਾਰੀ ਚਮਚੇ ਅਤੇ ਨਾਲ ਹੀ ਹਾਥੀ ਦੰਦ ਅਤੇ ਲੱਕੜ ਵਰਗੀਆਂ ਜੈਵਿਕ ਸਮੱਗਰੀਆਂ ਤੋਂ ਬਣੇ ਚਮਚੇ ਵੀ ਸ਼ਾਮਲ ਹਨ। ਇਹਨਾਂ ਚਮਚਿਆਂ ਵਿੱਚੋਂ ਬਹੁਤ ਸਾਰੇ ਕਾਰੀਗਰੀ ਦੀ ਉੱਚ ਗੁਣਵੱਤਾ ਪ੍ਰਦਰਸ਼ਿਤ ਕਰਦੇ ਹਨ। ਕੁਝ ਦੇ ਉੱਪਰ ਮੀਨਾਕਾਰੀ ਵੀ ਕੀਤੀ ਹੋਈ ਹੈ। ਹਰੇਕ ਵਿਲੱਖਣ ਅਤੇ ਸੁੰਦਰ ਢੰਗ ਨਾਲ ਤਿਆਰ ਕੀਤਾ ਗਿਆ ਚਮਚਾ ਇੱਕ ਖਿੜਕੀ ਹੈ ਜੋ ਵੱਖਰੇ ਵੱਖਰੇ ਸੱਭਿਆਚਾਰਾਂ ਨੂੰ ਦਿਖਾਉਂਦਾ ਹੈ। ਬਰਥਾ ਦੀ ਇੱਛਾ ਸੀ ਕਿ ਇਹ ਚਮਚੇ ਉਸਦੇ ਜੱਦੀ ਸ਼ਹਿਰ ਵਿੱਚ ਪ੍ਰਦਰਸ਼ਿਤ ਹੋਣ ਤਾਂ ਜੋ ਹਰ ਕੋਈ ਇਹਨਾਂ ਨੂੰ ਦੇਖ ਸਕੇ। ਤੁਸੀਂ ਇਨ੍ਹਾਂ ਚਮਚਿਆਂ ਨੂੰ ਛੂਹੇ ਬਿਨਾਂ ਦੇਖ ਸਕਦੇ ਹੋ।
ਮਿਊਜ਼ੀਅਮ ਵਿੱਚ ਐਂਟਰੀ ਫੀਸ ਬਾਲਗਾਂ ਲਈ 5 ਡਾਲਰ, ਬਜ਼ੁਰਗਾਂ ਲਈ 4 ਡਾਲਰ ਅਤੇ ਬੱਚਿਆਂ ਲਈ 3 ਡਾਲਰ ਹੈ। ਇਹ ਮਿਊਜ਼ੀਅਮ ਸਾਲ ਦੇ 10 ਮਹੀਨੇ, ਮੱਧ ਦਸੰਬਰ ਤੋਂ ਅੱਧ ਅਕਤੂਬਰ ਤੱਕ ਖੁੱਲ੍ਹਾ ਰਹਿੰਦਾ ਹੈ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ