ਨਵੀਂ ਜਾਣਕਾਰੀ

ਪਨਾਮਾ ਜਲ ਮਾਰਗ ਕੀ ਹੈ? ਕਿੰਨੇ ਮਜ਼ਦੂਰਾਂ ਨੇ ਆਪਣੀ ਜਾਨ ਗਵਾਈ ਇਸ ਪ੍ਰੋਜੈਕਟ ਨੂੰ ਤਿਆਰ ਕਰਦਿਆਂ?

ਪਨਾਮਾ ਨਹਿਰ(Panama Canal) 82 ਕਿਲੋਮੀਟਰ ਲੰਬਾ ਇੱਕ ਨਕਲੀ ਜਲ ਮਾਰਗ ਹੈ ਜੋ ਅਟਲਾਂਟਿਕ ਮਹਾਂਸਾਗਰ ਨੂੰ ਪ੍ਰਸ਼ਾਂਤ ਮਹਾਸਾਗਰ ਨਾਲ ਜੋੜਦਾ ਹੈ। ਸਿੱਧੇ ਸ਼ਬਦਾਂ ਵਿੱਚ ਪਨਾਮਾ ਨਹਿਰ ਇੱਕ ਸ਼ਾਰਟਕੱਟ ਰਾਸਤਾ ਹੈ ਜੋ ਸਮੁੰਦਰੀ ਜਹਾਜ਼ਾਂ ਦੇ ਸਫ਼ਰ ਦੇ ਸਮੇਂ ਨੂੰ ਬਹੁਤ ਘਟਾਉਂਦਾ ਹੈ। ਇਹ ਹੁਣ ਤੱਕ ਕੀਤੇ ਗਏ ਸਭ ਤੋਂ ਵੱਡੇ ਅਤੇ ਸਭ ਤੋਂ ਮੁਸ਼ਕਲ ਇੰਜੀਨੀਅਰਿੰਗ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਫਰਾਂਸ ਨੇ 1881 ਵਿੱਚ ਨਹਿਰ 'ਤੇ ਕੰਮ ਸ਼ੁਰੂ ਕੀਤਾ, ਪਰ ਇੰਜੀਨੀਅਰਿੰਗ ਸਮੱਸਿਆਵਾਂ ਅਤੇ ਮਜ਼ਦੂਰਾਂ ਦੀ ਉੱਚ ਮੌਤ ਦਰ ਕਾਰਨ ਬੰਦ ਕਰਨਾ ਪਿਆ। ਬਾਅਦ ਵਿੱਚ ਸੰਯੁਕਤ ਰਾਜ ਨੇ 4 ਮਈ 1904 ਨੂੰ ਇਸ ਪ੍ਰੋਜੈਕਟ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ 15 ਅਗਸਤ 1914 ਤੱਕ ਪਨਾਮਾ ਨਹਿਰ ਬਣਾ ਦਿੱਤੀ। ਇਸਦੇ ਨਿਰਮਾਣ ਸਮੇਂ ਬਹੁਤ ਸਾਰੇ ਮਜ਼ਦੂਰਾਂ ਨੇ ਆਪਣੀਆਂ ਜਾਨਾਂ ਗਵਾਈਆਂ। ਫਰਾਂਸ ਦੇ ਅਧੀਨ ਪ੍ਰੋਜੈਕਟ ਦੌਰਾਨ ਲਗਭਗ 22,000 ਮਜ਼ਦੂਰ ਜਾਨ ਗਵਾ ਗਏ ਅਤੇ ਇਹ ਗਿਣਤੀ ਲਗਭਗ 6000 ਸੀ ਜਦੋਂ ਪ੍ਰੋਜੈਕਟ ਅਮਰੀਕਾ ਦੇ ਹੱਥ ਸੀ। ਇੱਕ ਅਨੁਮਾਨ ਅਨੁਸਾਰ ਨਹਿਰ ਦੇ ਪ੍ਰਤੀ ਮੀਲ(1609 ਮੀਟਰ) ਨਿਰਮਾਣ ਲਈ 500 ਮਜ਼ਦੂਰ ਮਲੇਰੀਏ, ਪੀਲੇ ਬੁਖ਼ਾਰ ਅਤੇ ਮਸ਼ੀਨੀ ਦੁਰਘਟਨਾਵਾਂ ਵਿੱਚ ਮਾਰੇ ਗਏ। ਕੁਲੇਬਰਾ ਕੱਟ ਵਜੋਂ ਜਾਣੇ ਜਾਂਦੇ ਪਹਾੜੀ ਖੇਤਰ ਵਿੱਚ ਸਭ ਤੋਂ ਵੱਧ ਜਾਨਾਂ ਗਈਆਂ ਕਿਉਂਕਿ ਪਹਾੜੀ ਹੋਣ ਕਰਕੇ ਇੱਕ ਤਾਂ ਇੱਥੇ 45 ਫੁੱਟ ਡੂੰਘੀ ਅਤੇ 300 ਫੁੱਟ ਚੌੜੀ ਨਹਿਰ ਬਣਾਉਣੀ ਪਈ। ਦੂਜਾ ਇੱਥੇ ਮੀਂਹ ਜ਼ਿਆਦਾ ਪੈਣ ਕਰਕੇ ਇਹ ਦਲਦਲੀ ਇਲਾਕਾ ਹੈ ਜਿਸ ਕਾਰਨ ਮੱਛਰ ਦਾ ਹਮਲਾ ਵੀ ਬਹੁਤਾ ਸੀ। ਜਿਸ ਨਾਲ ਮਜ਼ਦੂਰਾਂ ਵਿੱਚ ਮਲੇਰੀਆ ਫੈਲ ਗਿਆ। ਮਜ਼ਦੂਰ ਕੁਲੇਬਰਾ ਕੱਟ ਨੂੰ "ਨਰਕ ਦੀ ਖੱਡ" ਕਹਿੰਦੇ ਸਨ। ਇਸ ਪਹਾੜੀ ਖੇਤਰ ਦੀ ਲੰਬਾਈ ਵੀ ਲਗਭਗ 13 ਕਿਲੋਮੀਟਰ ਹੈ। ਇਹ ਇੱਕ ਸੱਚਾਈ ਹੈ ਕਿ ਸਿਹਤਮੰਦ ਕਰਮਚਾਰੀਆਂ ਦੀ ਘਾਟ ਕਾਰਨ ਕਈ ਵਾਰ ਪਨਾਮਾ ਦਾ ਨਿਰਮਾਣ ਰੁਕ ਗਿਆ ਸੀ। 1906 ਵਿੱਚ, ਮਲੇਰੀਆ ਨੇ 82.1% ਮਜ਼ਦੂਰਾਂ ਨੂੰ ਪ੍ਰਭਾਵਿਤ ਕੀਤਾ। ਪੀਲਾ ਬੁਖ਼ਾਰ ਵੀ ਉੱਚ ਮੌਤ ਦਰ ਦੇ ਕਾਰਨ ਸਭ ਤੋਂ ਵੱਧ ਡਰਾਉਣੀ ਬਿਪਤਾ ਸੀ। ਇਸ ਤੋਂ ਇਲਾਵਾ ਮਸ਼ੀਨੀ ਹਾਦਸਿਆਂ ਵਿੱਚ ਵੀ ਮਜ਼ਦੂਰਾਂ ਨੇ ਬਹੁਤ ਜਾਨਾਂ ਗਵਾਈਆਂ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ