ਨਵੀਂ ਜਾਣਕਾਰੀ

ਵਰਜੀਨੀਆ ਕੈਲਕੁਲੇਟਰ ਵਜੋਂ ਜਾਣੇ ਜਾਂਦੇ ਅਫ਼ਰੀਕਨ ਗ਼ੁਲਾਮ ਥਾਮਸ ਫੁਲਰ ਦੀ ਕਹਾਣੀ

ਥਾਮਸ ਫੁਲਰ(Thomas Fuller) ਦਾ ਜਨਮ ਅਫ਼ਰੀਕਾ ਵਿੱਚ ਕਿਤੇ ਅਜੋਕੇ ਲਾਇਬੇਰੀਆ ਅਤੇ ਬੇਨਿਨ ਦੇ ਵਿਚਕਾਰ ਸੰਨ 1710 ਵਿੱਚ ਹੋਇਆ ਸੀ। ਚੌਦਾਂ ਸਾਲ ਦੀ ਉਮਰ ਵਿੱਚ ਸਾਲ 1724 ਵਿੱਚ ਉਸਨੂੰ ਅਫ਼ਰੀਕਾ ਤੋਂ ਚੱਕ ਲਿਆ ਸੀ ਅਤੇ ਅੱਗੇ ਅਮਰੀਕਾ ਵਿੱਚ ਇੱਕ ਬੇਔਲਾਦ ਜੋੜੇ, ਪ੍ਰੈਸਲੇ ਤੇ ਐਲਿਜ਼ਾਬੈਥ ਕੌਕਸ, ਨੂੰ ਜ਼ਿੰਦਗੀ ਭਰ ਦੀ ਗ਼ੁਲਾਮੀ ਲਈ ਵੇਚ ਦਿੱਤਾ ਸੀ। ਉਸਨੂੰ ਕਈ ਵਾਰੀ "ਵਰਜੀਨੀਆ ਕੈਲਕੁਲੇਟਰ(Virginia Calculator)" ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਉਸ ਕੋਲ ਦਿਮਾਗ ਅੰਦਰ ਹੀ ਗਣਿਤ ਦੀਆਂ ਗੁੰਝਲਦਾਰ ਸਮੀਕਰਨਾਂ ਨੂੰ ਹੱਲ ਕਰਨ ਦੀ ਯੋਗਤਾ ਸੀ। ਭਾਵੇਂ ਫੁਲਰ ਅਨਪੜ੍ਹ ਸੀ ਪਰ ਉਹ ਇੱਕ ਜਗਿਆਸੂ ਵਿਅਕਤੀ ਸੀ। ਆਪਣੇ ਗ਼ੁਲਾਮੀ ਤੋਂ ਪਹਿਲਾਂ ਦੇ ਜੀਵਨ ਵਿੱਚ ਫੁਲਰ ਨੇ ਆਪਣੇ ਆਪ ਨੂੰ ਗਣਨਾ ਸਿਖਾਈ। ਉਸਨੇ ਪਹਿਲਾਂ ਦਸ ਦੀ ਗਿਣਤੀ ਕਰਨੀ, ਫਿਰ ਸੌ ਤੱਕ ਅਤੇ ਫਿਰ ਹੌਲੀ ਹੌਲੀ ਜੋੜ ਘਟਾਉ ਗੁਣਾ ਕਰਨਾ ਖ਼ੁਦ ਹੀ ਸਿੱਖਿਆ।
ਗ਼ੁਲਾਮੀ ਦੀ ਸੀਮਤ ਦੁਨੀਆਂ ਵਿੱਚ, ਉਹ ਕੁਝ ਨਾ ਕੁਝ ਵੱਖਰਾ ਕਰਦਾ ਰਹਿੰਦਾ ਸੀ ਜਿਵੇਂ ਕਿ ਉਸਨੇ ਇੱਕ ਗਾਂ ਦੀ ਪੂਛ ਦੇ ਵਾਲਾਂ ਦੀ ਗਿਣਤੀ ਕੀਤੀ। ਉਸਦੇ ਅਨੁਸਾਰ ਇਹ 2872 ਸਨ ਜੋ ਉਸਨੇ ਸਾਲਾਂ ਬਾਅਦ ਦੱਸੇ। ਉਸਨੇ ਇੱਕ ਬੁਸ਼ਲ(ਟੋਕਰੀ) ਵਿੱਚ ਕਿੰਨੇ ਕਣਕ, ਮੱਕੀ ਆਦਿ ਦੇ ਦਾਣੇ ਪੈਦੇਂ ਹਨ ਵਰਗੀਆਂ ਗਣਨਾਵਾਂ ਕਰਕੇ ਹੀ ਆਪਣੇ ਆਪ ਨੂੰ ਖੁਸ਼ ਕੀਤਾ। ਜਿਵੇਂ-ਜਿਵੇਂ ਸਾਲ ਬੀਤਦੇ ਗਏ, ਇਸ ਕਮਾਲ ਦੇ ਗ਼ੁਲਾਮ ਦੀਆਂ ਅਫਵਾਹਾਂ ਅਮਰੀਕਾ ਦੇ ਪਿੰਡਾਂ ਵਿੱਚ ਫੈਲ ਗਈਆਂ ਜਿਸ ਕਾਰਨ ਕਈ ਵਿਅਕਤੀ ਉਸਨੂੰ ਖ਼ਰੀਦਣ ਆਉਂਦੇ ਸਨ। ਪਰ ਉਸਦੇ ਮਾਲਕਾਂ ਨੇ ਇਹਨਾਂ ਪੇਸ਼ਕਸ਼ਾਂ ਨੂੰ ਹਮੇਸ਼ਾ ਠੁਕਰਾਇਆ ਅਤੇ ਫੁਲਰ ਨੇ ਉਸਨੂੰ ਵੇਚਣ ਤੋਂ ਇਨਕਾਰ ਕਰਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

1777 ਵਿੱਚ, ਪੈਨਸਿਲਵੇਨੀਆ ਦੇ ਵਪਾਰੀ ਸੈਮੂਅਲ ਕੋਟਸ ਅਤੇ ਵਿਲੀਅਮ ਹਾਰਟਸ਼ੌਰਨ, ਆਪਣੇ ਪਰਿਵਾਰ ਨੂੰ ਅਲੈਗਜ਼ੈਂਡਰੀਆ ਲੈ ਕੇ ਆਏ। ਉਹ ਅਤੇ ਤਿੰਨ ਸਾਥੀ ਗਣਿਤ ਦੇ ਕਾਰਨਾਮੇ ਲਈ ਜਾਣੇ ਜਾਂਦੇ ਗ਼ੁਲਾਮ ਫੁਲਰ ਨੂੰ ਮਿਲਣ ਲਈ ਗਏ। ਉਨ੍ਹਾਂ ਵਿੱਚੋਂ ਇੱਕ ਨੇ ਕਾਗਜ਼ ਨਾਲ ਲੈ ਲਏ ਤਾਂ ਕਿ ਗਣਨਾ ਕੀਤੀ ਜਾ ਸਕੇ। ਫੁਲਰ ਨੂੰ ਪੁੱਛਿਆ ਗਿਆ ਕਿ ਡੇਢ ਸਾਲ ਵਿੱਚ ਕਿੰਨੇ ਸਕਿੰਟ ਸਨ ਤਾਂ ਉਸਨੇ ਲਗਭਗ ਦੋ ਮਿੰਟਾਂ ਵਿੱਚ ਜਵਾਬ ਦਿੱਤਾ - 47,304,000 ਸਕਿੰਟ। ਦੁਬਾਰਾ ਉਸ ਨੂੰ ਪੁੱਛਿਆ ਗਿਆ ਕਿ ਇੱਕ ਆਦਮੀ ਕਿੰਨੇ ਸਕਿੰਟ ਜਿਊਂਦਾ ਹੈ ਜਿਸ ਦੀ ਉਮਰ 70 ਸਾਲ, 17 ਦਿਨ ਅਤੇ 12 ਘੰਟੇ ਹੈ, ਤਾਂ ਉਸ ਨੇ ਡੇਢ ਮਿੰਟ ਵਿੱਚ ਜਵਾਬ ਦਿੱਤਾ - 2,210,500,800 ਸਕਿੰਟ। ਇੱਕ ਆਦਮੀ ਜੋ ਕਾਗਜ਼ 'ਤੇ ਹੱਲ ਕਰ ਰਿਹਾ ਸੀ, ਨੇ ਫੁਲਰ ਨੂੰ ਕਿਹਾ ਕਿ ਉਹ ਗ਼ਲਤ ਹੈ। ਉਸ ਵਿਅਕਤੀ ਅਨੁਸਾਰ ਜਵਾਬ ਘੱਟ ਬਣਦਾ ਸੀ। ਪਰ ਫੁਲਰ ਨੇ ਕਾਹਲੀ ਨਾਲ ਜਵਾਬ ਦਿੱਤਾ, "'ਟੌਪ, ਮਾਸਾ(ਮਾਸਟਰ), ਤੁਸੀਂ ਲੀਪ ਸਾਲਾਂ ਨੂੰ ਭੁੱਲ ਗਏ ਹੋ।" ਜਦੋਂ ਲੀਪ ਸਾਲਾਂ ਨੂੰ ਜੋੜਿਆ ਗਿਆ, ਤਾਂ ਉੱਤਰ ਮੇਲ ਖਾਂਦੇ ਸਨ। ਜਿਸਨੂੰ ਦੇਖ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ।
ਉਨ੍ਹਾਂ ਵਿੱਚੋਂ ਵਿੱਚੋਂ ਇੱਕ ਨੇ ਟਿੱਪਣੀ ਕੀਤੀ ਕਿ ਇਹ ਕਿੰਨੇ ਦੁੱਖ ਦੀ ਗੱਲ ਹੈ ਕਿ ਅਜਿਹੇ ਆਦਮੀ ਨੂੰ ਸਿੱਖਿਆ ਤੋਂ ਵਾਂਝਾ ਰੱਖਿਆ ਗਿਆ। ਬੁੱਢੇ ਫੁਲਰ ਨੇ ਕਿਹਾ, "ਨਹੀਂ, ਮਾਸਾ - ਇਹ ਸਭ ਤੋਂ ਵਧੀਆ ਹੈ ਕਿ ਮੈਨੂੰ ਕੋਈ ਸਿੱਖਿਆ ਨਹੀਂ ਮਿਲੀ ਕਿਉਂਕਿ ਬਹੁਤੇ ਵਿਦਵਾਨ ਲੋਕ ਵੱਡੇ ਮੂਰਖ ਹੁੰਦੇ ਹਨ।" ਗ਼ੁਲਾਮੀ ਵਿਰੋਧੀ ਲਹਿਰ ਨੇ ਉਸ ਨੂੰ ਅਤੇ ਹੋਰ ਗ਼ੁਲਾਮਾਂ ਨੂੰ ਇਸ ਗੱਲ ਦੀਆਂ ਉਦਾਹਰਣਾਂ ਵਜੋਂ ਵਰਤਿਆ ਕਿ ਕਿਵੇਂ ਗ਼ੁਲਾਮ ਬਣਾਏ ਅਫ਼ਰੀਕਨ ਵਿਅਕਤੀਆਂ ਨੂੰ ਅਮਰੀਕਾ ਵਿੱਚ ਸਿੱਖਿਆ ਨਹੀਂ ਦਿੱਤੀ ਜਾਂਦੀ ਸੀ। ਫੁਲਰ ਦੀ ਮੌਤ 1790 ਵਿੱਚ ਹੋਈ। ਉਸਨੇ ਕਦੇ ਪੜ੍ਹਨਾ ਜਾਂ ਲਿਖਣਾ ਨਹੀਂ ਸਿੱਖਿਆ ਪਰ ਫਿਰ ਵੀ ਉਹ 9 ਅੰਕਾਂ ਦੀ ਸੰਖਿਆ ਨੂੰ ਗੁਣਾ ਕਰ ਸਕਦਾ ਸੀ, ਇੱਕ ਦਿੱਤੇ ਸਮੇਂ ਵਿੱਚ ਸਕਿੰਟਾਂ ਦੀ ਗਿਣਤੀ ਦੱਸ ਸਕਦਾ ਸੀ ਅਤੇ ਇੱਕ ਦਿੱਤੇ ਪੁੰਜ ਵਿੱਚ ਮੱਕੀ, ਕਣਕ ਆਦਿ ਦੇ ਦਾਣਿਆਂ ਦੀ ਗਿਣਤੀ ਦੱਸ ਸਕਦਾ ਸੀ। ਇਹ ਮਨੁੱਖੀ ਦਿਮਾਗ ਦੀ ਇੱਕ ਅਨੋਖੀ ਮਿਸਾਲ ਹੈ।
#punjab #punjabi #punjabigyaan24

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ