ਨਵੀਂ ਜਾਣਕਾਰੀ

ਆਓ ਜਾਣੀਏ ਕਿਵੇਂ ਆਇਆ ਮੌਜੂਦਾ ਪੰਜਾਬ ਹੋਂਦ ਵਿੱਚ

1 ਨਵੰਬਰ 1966 ਨੂੰ ਹੁਣ ਵਾਲਾ ਪੰਜਾਬ ਹੋਂਦ ਵਿੱਚ ਆਇਆ ਸੀ। ਇਸ ਪਿਛੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ 16 ਸਾਲ ਦਾ ਸੰਘਰਸ਼ ਸੀ। ਮੌਜੂਦਾ ਪੰਜਾਬੀ ਸੂਬੇ ਨੂੰ ਹੋਂਦ ਵਿੱਚ ਲਿਆਉਣ ਲਈ ਕਈਆਂ ਨੇ ਸ਼ਹੀਦੀਆਂ ਪਾਈਆਂ, ਗ੍ਰਿਫ਼ਤਾਰੀਆਂ ਦਿੱਤੀਆਂ ਅਤੇ ਕਈ ਪਰਿਵਾਰ ਘਰੋਂ ਬੇਘਰ ਹੋ ਗਏ। ਪੰਜਾਬੀ ਸੂਬਾ ਲਹਿਰ ਦੇ ਮੁੱਖ ਦੋ ਮਕਸਦ ਸਨ। ਨੰਬਰ ਇੱਕ ਪੰਜਾਬ ਨੂੰ ਵੀ ਭਾਰਤ ਦੇ ਦੂਜੇ ਸੂਬਿਆਂ ਵਾਂਗ ਭਾਸ਼ਾਈ ਅਧਾਰ 'ਤੇ ਸੂਬੇ ਦਾ ਦਰਜਾ ਮਿਲੇ। ਦੂਸਰਾ ਮੁੱਖ ਮਕਸਦ ਸੀ ਕਿ ਪੰਜਾਬ ਸਿੱਖਾਂ ਦੀ ਬਹੁਗਿਣਤੀ ਵਾਲਾ ਸੂਬਾ ਹੋਵੇ ਤਾਂ ਕਿ ਸਿੱਖਾਂ ਦੀ ਨੁਮਾਇੰਦਗੀ ਵਾਲੀ ਹੀ ਸੂਬਾ ਸਰਕਾਰ ਬਣਾਈ ਜਾ ਸਕੇ। 
ਪਹਿਲੀ ਵਾਰ ਪੰਜਾਬੀ ਸੂਬੇ ਦੀ ਮੰਗ 1909 ਵਿੱਚ ਅੰਗਰੇਜ਼ੀ ਰਾਜ ਦੌਰਾਨ ਮਿੰਟੋ ਮੌਰਲੇ ਐਕਟ(ਵਾਇਸਰਾਏ ਲਾਰਡ ਮਿੰਟੋ ਅਤੇ ਸਟੇਟ ਸੈਕਟਰੀ ਜੌਹਨ ਮੋਰਲੇ) ਦੇ ਵੱਲੋਂ ਮੁਸਲਮਾਨਾਂ ਬਾਰੇ ਵੱਖਰੀ ਚੋਣ ਪ੍ਰਣਾਲੀ ਸਥਾਪਤ ਕਰਨ ਵੇਲੇ ਸ਼ੁਰੂ ਹੋਈ ਸੀ। ਇਸਤੋਂ ਬਾਦ 1920 ਵਿੱਚ ਕਾਂਗਰਸ ਪਾਰਟੀ ਨੇ ਵੀ ਆਪਣੇ ਇਜਲਾਸ ਵਿੱਚ ਬਣਨ ਵਾਲੇ ਭਾਰਤ ਦੀ ਪਰਿਭਾਸ਼ਾ ਮੁੱਖ ਰੱਖ ਕੇ ਸੂਬਿਆਂ ਦੀ ਹੱਦ ਬੰਦੀ ਭਾਸ਼ਾਈ ਅਧਾਰ ਤੇ ਤਹਿ ਕਰਨ ਦਾ ਮਤਾ ਰੱਖਿਆ ਸੀ। ਸੰਨ 1928 ਵਿਚ ਦਿੱਲੀ ਵਿਖੇ ਆਲ ਪਾਰਟੀ ਕਾਨਫਰੰਸ ਨੇ ਫਿਰ ਦਿੱਲੀ ਦੀਆਂ ਹੱਦਾਂ ਵਧਾਉਣ ਦੀ ਮੰਗ ਕੀਤੀ। ਹਰਿਆਣਾ ਦੇ ਕੁਝ ਪ੍ਰਮੁੱਖ ਨੇਤਾ ਜਿਵੇਂ ਕਿ ਪੀ.ਟੀ. ਨੇਕੀ ਰਾਮ ਸ਼ਰਮਾ, ਲਾਲਾ ਦੇਸਬੰਧੂ ਗੁਪਤਾ ਅਤੇ ਸ੍ਰੀ ਰਾਮ ਸ਼ਰਮਾ ਗਾਂਧੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਹਰਿਆਣਾ ਖੇਤਰ ਦੇ ਜ਼ਿਲ੍ਹਿਆਂ ਨੂੰ ਦਿੱਲੀ ਨਾਲ ਮਿਲਾ ਦਿੱਤਾ ਜਾਵੇ। 1931 ਦੀ ਦੂਜੀ ਕਾਨਫਰੰਸ ਵਿੱਚ, ਸਰ ਜੈਫਰੀ ਕਾਰਬਰਟ, ਤਤਕਾਲੀ ਪੰਜਾਬ ਸਰਕਾਰ ਦੇ ਵਿੱਤੀ ਕਮਿਸ਼ਨਰ ਅਤੇ ਭਾਰਤੀ ਡੈਲੀਗੇਸ਼ਨ ਦੇ ਸਕੱਤਰ ਨੇ ਪੰਜਾਬ ਦੀਆਂ ਸਰਹੱਦਾਂ ਦੇ ਪੁਨਰਗਠਨ ਅਤੇ ਅੰਬਾਲਾ ਡਿਵੀਜ਼ਨ ਨੂੰ ਪੰਜਾਬ ਤੋਂ ਵੱਖ ਕਰਨ ਦਾ ਸੁਝਾਅ ਦਿੱਤਾ।

1947 ਵਿੱਚ ਅੰਗਰੇਜ਼ੀ ਸਰਕਾਰ ਤੋਂ ਆਜ਼ਾਦੀ ਤੋਂ ਬਾਅਦ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਦੇਸ਼ ਨੂੰ ਭਾਸ਼ਾਵਾਂ ਅਤੇ ਬੋਲੀਆਂ ਦੇ ਆਧਾਰ ਉੱਤੇ ਰਾਜਾਂ ਦੇ ਪੁਨਰਗਠਨ ਕਰਨ ਦੀ ਗੱਲ ਕਹੀ। 1950 ਵਿੱਚ ਮਾਸਟਰ ਤਾਰਾ ਸਿੰਘ ਵੱਲੋਂ ਪੰਜਾਬੀ ਸੂਬੇ ਦੀ ਮੰਗ ਉਠਾਉਣੀ ਸ਼ੁਰੂ ਹੋ ਗਈ ਸੀ। ਮਾਸਟਰ ਤਾਰਾ ਸਿੰਘ ਉਸ ਵੇਲੇ ਲੰਮੇ ਸਮੇਂ ਤੋਂ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਕਰਤਾ-ਧਰਤਾ ਸਨ। ਮਾਸਟਰ ਤਾਰਾ ਸਿੰਘ ਜੋ ਕਿ ਆਪਣੇ ਸਮੇਂ ਦਾ ਸੂਝਵਾਨ ਤੇ ਪੜਿਆ ਲਿਖਿਆ ਸਿੱਖ ਮੰਨਿਆ ਜਾਂਦਾ ਸੀ ਉਹ ਆਪਣੇ ਕਾਲਜ ਸਮੇਂ ਹਿੰਦੂ-ਖੱਤਰੀ ਪਰਿਵਾਰ ਵਿੱਚੋਂ ਉੱਠ ਕੇ ਸਿੱਖ ਧਰਮ ਦੇ ਲੜ ਲੱਗਿਆ ਸੀ। 1953 ਵਿੱਚ ਸਰਕਾਰ ਨੇ ਰਾਜ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਜਿਸ ਦੇ ਅਧੀਨ ਦੱਖਣੀ ਭਾਰਤ ਨੂੰ ਵੰਡ ਕੇ ਨਵੇਂ ਰਾਜ ਬਣਾ ਦਿੱਤੇ ਗਏ। ਪਰ ਕੇਂਦਰੀ ਸਰਕਾਰ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਮੁੱਢੋਂ ਹੀ ਨਕਾਰ ਦਿੱਤਾ ਭਾਵੇਂ ਭਾਰਤ ਦੇ ਦੂਜੇ ਸੂਬਿਆਂ ਨੂੰ ਭਾਸ਼ਾਈ ਅਧਾਰ ਤੇ ਵੰਡਿਆ ਗਿਆ ਸੀ। ਸਰਕਾਰ ਵੱਲੋਂ ਇਹ ਤਰਕ ਦਿੱਤਾ ਜਾਂਦਾ ਸੀ ਕਿ ਇਸ ਪੰਜਾਬੀ ਸੂਬੇ ਦੀ ਮੰਗ ਪਿੱਛੇ ਸਿੱਖਾਂ ਦੀ ਧਾਰਮਿਕ ਅਤੇ ਰਾਜਨੀਤਿਕ ਭਾਵਨਾ ਜੁੜੀ ਹੋਈ ਹੈ। 

1955 ਵੇਲੇ ਤਾਂ ਪੰਜਾਬੀ ਸੂਬੇ ਦੀ ਮੰਗ ਉਠਾਉਣ ਨੂੰ ਵੀ ਗ਼ੈਰ ਕਨੂੰਨੀ ਕਰਾਰ ਦੇ ਦਿੱਤਾ ਗਿਆ ਸੀ। ਇਸਦੇ ਰੋਸ ਵਜੋਂ ਜਦੋਂ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਨੇ ਜਦੋਂ ਅਵਾਜ਼ ਉਠਾਈ ਤਾਂ ਮਾਸਟਰ ਤਾਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋ ਬਾਅਦ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਵੀ ਤਿਲਕਣ ਲੱਗ ਪਈ ਸੀ ਤੇ 1960 ਤੱਕ ਪੂਰੀ ਤਰਾਂ ਨਾਲ ਸੰਤ ਫਤਹਿ ਸਿੰਘ ਸ਼ਰੋਮਣੀ ਅਕਾਲੀ ਦੱਲ ਦੀ ਕਮਾਂਡ ਸੰਭਾਲ ਚੁੱਕੇ ਸਨ। ਸੰਤ ਫਤਹਿ ਸਿੰਘ ਗੰਗਾਨਗਰ ਰਾਜਸਥਾਨ ਦੇ ਇਲਾਕੇ ਵਿੱਚੋਂ ਉਠ ਕੇ ਬੜੀ ਤੇਜ਼ੀ ਨਾਲ ਸ਼ਰੋਮਣੀ ਅਕਾਲੀ ਦਲ ਵਿੱਚ ਪਹੁੰਚ ਕੇ ਇਸਦੀ ਪ੍ਰਧਾਨਗੀ ਤੱਕ ਅੱਪੜੇ ਸਨ। ਇਸਤੋਂ ਪਹਿਲਾਂ ਉਹ ਗੰਗਾਨਗਰ ਵਿੱਚ ਇੱਕ ਸਿੱਖ ਪ੍ਰਚਾਰਕ ਸਨ। 
ਦਰਅਸਲ ਮਾਸਟਰ ਤਾਰਾ ਸਿੰਘ ਅਤੇ ਸੰਤ ਫ਼ਤਿਹ ਸਿੰਘ ਜੋ ਸਿੱਖਾਂ ਦੇ ਆਗੂ ਸਨ, ਪਰ ਰਾਜਨੀਤੀ ਤੋਂ ਕੋਰੇ ਸਨ ਅਤੇ ਸਮੇਂ ਦੀ ਸਰਕਾਰ ਦੀਆਂ ਸਿੱਖਾਂ ਵਿਰੋਧੀ ਚਾਲਾਂ ਨੂੰ ਸਮਝ ਨਾ ਸਕੇ। 1960 ਵਿੱਚ ਪੰਜਾਬੀ ਸੂਬੇ ਦੀ ਮੰਗ ਦਾ ਸ਼ੁਰੂ ਹੋਇਆ ਸੰਘਰਸ਼ ਕਾਫੀ ਮਘ ਗਿਆ ਸੀ ਤੇ ਕਈ ਵਾਰ ਇਸ ਸ਼ਾਂਤਮਈ ਸੰਘਰਸ਼ ਨੂੰ ਲਤਾੜਨ ਲਈ ਉਸ ਸਮੇਂ ਦੀ ਸੂਬਾ ਸਰਕਾਰ ਤੇ ਕੇਂਦਰੀ ਸਰਕਾਰ ਨੇ ਗੈਰ ਕਨੂੰਨੀ ਢੰਗ ਨਾਲ ਸੁਰੱਖਿਆ ਬਲਾਂ ਦਾ ਸਹਾਰਾ ਲਿਆ ਸੀ। ਗ੍ਰਿਫ਼ਤਾਰ ਕੀਤੇ ਅਕਾਲੀਆਂ ਨੂੰ ਜੇਲਾਂ ਵਿੱਚ ਤਸੀਹੇ ਦਿੱਤੇ ਗਏ। 1966 ਤੱਕ ਸੰਤ ਫਤਹਿ ਸਿੰਘ ਨੂੰ ਤਿੰਨ ਵਾਰੀ ਨਹਿਰੂ ਨੇ ਵਾਰਤਾਲਾਪ ਵਿੱਚ ਸ਼ਾਮਿਲ ਕੀਤਾ ਸੀ ਪਰ ਕੋਈ ਸਿੱਟਾ ਨਹੀਂ ਨਿਕਲਿਆ ਸੀ। 

ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਤੋਂ ਬਾਅਦ ਹੀ ਇੰਦਰਾ ਗਾਂਧੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਭਿਆ। ਆਖ਼ਰਕਾਰ ਇੰਦਰਾ ਦੀ ਸਰਕਾਰ ਬਣਨ ਤੋਂ ਬਾਅਦ ਕੇਂਦਰੀ ਸਰਕਾਰ ਨੇ ਮੌਜੂਦਾ ਪੰਜਾਬ ਨੂੰ ਹੋਂਦ ਵਿੱਚ ਲਿਆਂਦਾ ਸੀ। 1 ਨਵੰਬਰ 1966 ਵਿੱਚ ਇੰਦਰਾ ਗਾਂਧੀ ਨੇ ਭਾਸ਼ਾਈ ਵੰਡ ਦੇ ਆਧਾਰ ਉੱਤੇ ਪੰਜਾਬ ਸੂਬੇ ਦੇ 3 ਨਿੱਕੇ-ਨਿੱਕੇ ਟੁੱਕੜੇ ਕਰ ਕੇ 2 ਹੋਰ ਨਵੇਂ ਸੂਬੇ ਬਣਾ ਦਿੱਤੇ ਸਨ। ਮੌਜੂਦਾ ਪੰਜਾਬ ਨੂੰ ਬਣਨ ਵੇਲੇ ਸਾਰੇ ਕੁਦਰਤੀ ਵਸੀਲਿਆਂ, ਰਾਜਧਾਨੀ ਅਤੇ ਉਸਦੀ ਆਪਣੀ ਕੋਰਟ ਤੋ ਅਲਹਿਦਾ ਕਰ ਦਿੱਤਾ ਗਿਆ ਸੀ। ਕੇਂਦਰੀ ਸਰਕਾਰ ਨੇ ਪੰਜਾਬ ਦੀ ਵੰਡ ਕਰਨ ਮੌਕੇ ਹਰਿਆਣਾ ਅਤੇ ਹਿਮਾਚਲ ਦੇ ਪੰਜਾਬੀ ਬੋਲਦੇ ਹਿੱਸੇ ਵੀ ਪੰਜਾਬ ਨੂੰ ਨਹੀਂ ਦਿੱਤੇ। ਪਹਿਲਾਂ ਲਾਹੌਰ ਅਤੇ ਉਸ ਤੋਂ ਬਾਅਦ ਸ਼ਿਮਲਾ ਖੋਹ ਲੈਣ ਤੋਂ ਬਾਅਦ ਸਰਕਾਰ ਨੇ ਚੰਡੀਗੜ੍ਹ ਨੂੰ ਵੀ ਪੰਜਾਬ ਜੋਗਾ ਨਾ ਛੱਡਿਆ। ਚੰਡੀਗੜ੍ਹ ਦਾ ਅੱਧ ਦੇ ਕੇ ਹਰਿਆਣੇ ਨੂੰ ਵੀ ਸ਼ਰੀਕ ਬਣਾ ਦਿੱਤਾ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਅਸਿੱਧੇ ਤੌਰ ਉੱਤੇ ਪੰਜਾਬ ਉੱਤੇ ਕੇਂਦਰ ਸਰਕਾਰ ਦਾ ਕੰਟਰੋਲ ਰਹਿ ਸਕੇ। 
ਅੰਤ ਜਦੋਂ ਗੱਲ ਪੰਜਾਬ ਦੇ ਪਾਣੀਆਂ ਦੀ ਵੰਡ ਦੀ ਆਈ ਤਾਂ ਇਹ ਵੀ ਰਾਇਪੇਰੀਅਨ ਐਕਟ ਅਨੁਸਾਰ ਨਾ ਕਰ ਕੇ ਆਪਣੇ ਮੁਤਾਬਕ ਹੀ ਕੀਤੀ ਅਤੇ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਦੇ ਦਿੱਤਾ। ਆਓ ਅੱਜ ਪੰਜਾਬ ਦਿਵਸ ਨਵੀਂ ਪੀੜ੍ਹੀ ਨੂੰ ਆਪਣੇ ਅਣਮੁੱਲੇ ਇਤਿਹਾਸ ਅਤੇ ਪੰਜਾਬ ਦੇ ਹੱਕਾਂ ਬਾਰੇ ਦੱਸੀਏ ਜਿਨ੍ਹਾਂ ਤੋਂ ਕੇਂਦਰ ਸਰਕਾਰ ਨੇ ਸਾਨੂੰ ਵਾਂਝਾ ਰੱਖਿਆ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ