ਨਵੀਂ ਜਾਣਕਾਰੀ

ਜਲ੍ਹਿਆਂਵਾਲੇ ਬਾਗ਼ ਦਾ ਲੰਡਨ ਜਾਕੇ ਬਦਲਾ ਲੈਣ ਵਾਲਾ ਸੂਰਮਾ - ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ(ਜੋ ਉਸ ਸਮੇਂ ਪਟਿਆਲਾ ਰਿਆਸਤ ਦਾ ਇੱਕ ਸ਼ਹਿਰ ਸੀ ਪਰ ਹੁਣ ਸੰਗਰੂਰ ਜ਼ਿਲ੍ਹੇ ਵਿੱਚ ਹੈ) ਵਿਖੇ ਸਰਦਾਰ ਟਹਿਲ ਸਿੰਘ ਦੇ ਘਰ ਹੋਇਆ ਜੋ ਪਿੰਡ ਉਪਲੀ ਦੇ ਰੇਲਵੇ ਫਾਟਕ ਤੇ ਨੌਕਰੀ ਕਰਦਾ ਸੀ। ਊਧਮ ਸਿੰਘ ਦਾ ਮੁੱਢਲਾ ਨਾਂ ਸ਼ੇਰ ਸਿੰਘ ਸੀ। 1901 ਵਿੱਚ ਉਸਦੀ ਮਾਤਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਅਤੇ ਸ਼ੇਰ ਸਿੰਘ ਸੱਤ ਕੁ ਸਾਲ ਦਾ ਸੀ ਜਦੋਂ ਉਸਦੇ ਪਿਤਾ ਦੀ ਵੀ ਮੌਤ ਹੋ ਗਈ। 24 ਅਕਤੂਬਰ 1907 ਨੂੰ ਸ਼ੇਰ ਸਿੰਘ ਨੂੰ ਉਸਦੇ ਵੱਡੇ ਭਰਾ ਮੁਕਤਾ ਸਿੰਘ ਸਮੇਤ ਅੰਮ੍ਰਿਤਸਰ ਯਤੀਮਖਾਨੇ ਵਿੱਚ ਛੱਡ ਦਿੱਤਾ ਗਿਆ। ਜਿੱਥੇ ਦੋਵਾਂ ਭਰਾਵਾਂ ਨੇ ਅੰਮ੍ਰਿਤ ਛਕ ਲਿਆ ਅਤੇ ਇਹਨਾਂ ਦੇ ਨਾਮ ਬਦਲ ਕੇ ਸ਼ੇਰ ਸਿੰਘ ਤੋਂ ਊਧਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧੂ ਸਿੰਘ ਰੱਖ ਦਿੱਤਾ।

 ਕੁਝ ਸਾਲਾਂ ਬਾਅਦ ਨਮੂਨੀਏ ਦੀ ਬਿਮਾਰੀ ਨਾਲ ਉਸਦੇ ਭਰਾ ਸਾਧੂ ਸਿੰਘ ਦਾ ਵੀ ਦੇਹਾਂਤ ਹੋ ਗਿਆ। ਇਸ ਤਰ੍ਹਾਂ ਆਪਣੇ ਪਰਿਵਾਰ ਵਿੱਚੋਂ ਊਧਮ ਸਿੰਘ ਇਕੱਲਾ ਹੀ ਰਹਿ ਗਿਆ ਸੀ। 1918 ਵਿੱਚ ਦਸਵੀਂ ਕਰਨ ਤੋਂ ਬਾਅਦ ਉਸਨੇ ਯਤੀਮਖਾਨਾ ਛੱਡ ਦਿੱਤਾ ਸੀ। 13 ਅਪ੍ਰੈਲ 1919 ਨੂੰ  ਜਲ੍ਹਿਆਂਵਾਲੇ ਬਾਗ਼ ਦੇ ਹੱਤਿਆਕਾਂਡ ਸਮੇਂ ਊਧਮ ਸਿੰਘ ਉੱਥੇ ਮੌਜੂਦ ਸੀ। ਜਿਸ ਵਿੱਚ ਹਜ਼ਾਰਾਂ ਨਿਹੱਥੇ ਲੋਕਾਂ ਨੂੰ, ਜੋ ਸ਼ਾਤਮੲੀ ਧਰਨਾ ਦੇ ਰਹੇ ਸਨ, ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਨੇ ਊਧਮ ਸਿੰਘ ਨੂੰ ਕ੍ਰਾਂਤੀ ਦੇ ਰਾਹ ਤੋਰ ਦਿੱਤਾ। ਇਹ ਵੀ ਕਿਹਾ ਜਾਂਦਾ ਹੈ ਕਿ ਲਾਸ਼ਾਂ ਦੇ ਢੇਰ ਵਿੱਚ ਖੜੋਕੇ ਉਸ ਨੇ ਪ੍ਰਣ ਕੀਤਾ ਕਿ ਮੈਂ ਗਵਰਨਰ ਓਡਵਾਇਰ ਨੂੰ ਮਾਰ ਕੇ ਇਸ ਜ਼ੁਲਮ ਦਾ ਬਦਲਾ ਲਵਾਂਗਾ।

ਇਸ ਤੋਂ ਛੇਤੀ ਪਿੱਛੋਂ ਉਹ ਭਾਰਤ ਛੱਡ ਅਮਰੀਕਾ ਪਹੁੰਚ ਗਿਆ। ਜਦੋਂ ਊਧਮ ਸਿੰਘ ਅਮਰੀਕਾ ਗਿਆ ਤਾਂ ਉਸ ਵੇਲੇ ਉਹ ਗ਼ਦਰ ਪਾਰਟੀ ਦੇ ਪ੍ਰਭਾਵ ਹੇਠ ਆ ਗਿਆ। ਉਹ 27 ਜੁਲਾਈ 1927 ਨੂੰ ਜਹਾਜ਼ ਰਾਹੀਂ ਅਮਰੀਕਾ ਤੋਂ ਕਰਾਚੀ ਆਇਆ। ਕਰਾਚੀ ਵਿੱਚ ਉਸ ਕੋਲੋਂ ਗ਼ਦਰ ਪਾਰਟੀ ਦਾ ਸਾਹਿਤ ਫੜੇ ਜਾਣ ’ਤੇ ਉਸ ਨੂੰ ਜੁਰਮਾਨਾ ਹੋਇਆ। ਹੋਮ ਵਿਭਾਗ, ਭਾਰਤ ਸਰਕਾਰ ਵੱਲੋਂ ਗ਼ਦਰ ਡਾਇਰੈਕਟਰੀ ਵਿੱਚ ਊਧਮ ਸਿੰਘ ਦਾ ਨਾਂ ਐਸ 44 (ਪੰਨਾ 267) ’ਤੇ ਦਰਜ ਹੈ। ਉਸ ਕੋਲੋਂ ਦੋ ਰਿਵਾਲਵਰ, ਇੱਕ ਪਿਸਤੌਲ ਅਤੇ ਗ਼ਦਰ ਦੀ ਗੂੰਜ ਦੀਆਂ ਕੁਝ ਕਾਪੀਆਂ ਬਰਾਮਦ ਹੋਈਆਂ। ਉਸ ’ਤੇ ਆਰਮਜ਼ ਐਕਟ ਦੇ ਸੈਕਸ਼ਨ 20 ਤਹਿਤ ਮੁਕੱਦਮਾ ਚੱਲਿਆ ਅਤੇ ਉਸ ਨੂੰ ਚਾਰ ਸਾਲ ਦੀ ਸਖ਼ਤ ਸਜ਼ਾ ਹੋਈ। 1931 ਵਿੱਚ ਰਿਹਾਅ ਹੋਣ ਤੇ ਮੁੜ ਅੰਮ੍ਰਿਤਸਰ ਵਿੱਚ ਸਾਈਨਬੋਰਡ ਪੇਂਟਰ ਦੀ ਦੁਕਾਨ ਕੀਤੀ ਅਤੇ ਆਪਣਾ ਨਾਮ ਬਦਲ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ। ਉਸ ਦਾ ਇਹ ਤਖੱਲਸ ਰੱਖਣਾ ਸਮੂਹ ਧਰਮਾਂ, ਜਾਤਾਂ, ਕਬੀਲਿਆਂ ਨੂੰ ਬਰਾਬਰ ਅਤੇ ਇੱਕੋ ਨਜ਼ਰੀਏ ਨਾਲ ਵੇਖਣ ਅਤੇ ਧਰਮ ਨਿਰਪੱਖਤਾ ਦਾ ਪ੍ਰਤੀਕ ਹੈ। ਉਹ ਭਗਤ ਸਿੰਘ ਅਤੇ ਰਾਮ ਪ੍ਰਸਾਦ ਬਿਸਮਿਲ ਤੋਂ ਕਾਫ਼ੀ ਪ੍ਰਭਾਵਿਤ ਸੀ। 

ਅਖ਼ੀਰ ਜਲਿਆਂਵਾਲੇ ਬਾਗ਼ ਦੇ ਹੱਤਿਆਕਾਂਡ ਦਾ ਬਦਲਾ ਲੈਣ ਦੀ ਤਾਕ ਵਿੱਚ 1935 ਦੇ ਨੇੜੇ ਤੇੜੇ ਯੂਰਪ ਘੁੰਮਦਾ ਘੁੰਮਦਾ ਇੰਗਲੈਂਡ ਪਹੁੰਚ ਗਿਆ। ਜਨਰਲ ਡਾਇਰ ਤੱਕ ਪੁੱਜਣ ਲਈ ਉਹ ਕਦੇ ਉਦੈ ਸਿੰਘ, ਕਦੇ ਸ਼ੇਰ ਸਿੰਘ, ਕਦੇ ਊਦਨ ਸਿੰਘ, ਕਦੇ ਊਧਮ ਸਿੰਘ, ਮੁਹੰਮਦ ਸਿੰਘ ਆਜ਼ਾਦ, ਆਜ਼ਾਦ ਸਿੰਘ, ਬਾਵਾ, ਫਰੈਂਕ ਬ੍ਰਾਜ਼ੀਲ ਬਣ ਕੇ ਯਤਨ ਕਰਦਾ ਰਿਹਾ। ਸ਼ਾਇਦ ਹੀ ਕੋਈ ਅਜਿਹਾ ਇਨਕਲਾਬੀ ਜਾਂ ਆਜ਼ਾਦੀ ਘੁਲਾਟੀਆ ਹੋਵੇਗਾ ਜਿਸ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਇੰਨੇ ਨਾਮ ਤਬਦੀਲ ਕੀਤੇ ਹੋਣ। 20 ਸਾਲ ਦੀ ਲੰਮੀ ਉਡੀਕ ਦੇ ਬਾਅਦ 13 ਮਾਰਚ 1940 ਦਾ ਦਿਨ ਆਇਆ ਜਦੋਂ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਵੱਲੋਂ ਸਾਂਝੇ ਤੌਰ 4.30 ਵਜੇ ਕੈਕਸਟਨ ਹਾਲ ਵਿੱਚ ਮੀਟਿੰਗ ਹੋ ਰਹੀ ਸੀ। ਮੀਟਿੰਗ ਵਿੱਚ ਸਾਰੇ ਅਧਿਕਾਰੀਆਂ ਨੇ ਆਪਣੇ ਕੀਤੇ ਜ਼ੁਲਮਾਂ ਦੇ ਕਿੱਸੇ ਸੁਣਾਏ। ਊਧਮ ਸਿੰਘ ਨੇ ਆਪਣੇ ਪਿਸਤੌਲ ਵਿੱਚੋਂ ਮਾਈਕਲ ਉਡਵਾਇਰ, ਜੋ ਅੰਮ੍ਰਿਤਸਰ ਦੇ ਖ਼ੂਨੀ ਸਾਕੇ ਦੇ ਸਮੇਂ ਪੰਜਾਬ ਦਾ ਗਵਰਨਰ ਸੀ, ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ ਲਾਰਡ ਜੈਟਲੈਂਡ ਅਤੇ ਲਾਰਡ ਲੈਮਿੰਗਟਨ ਵੀ ਜ਼ਖਮੀ ਹੋ ਗਏ ਸੀ। ਊਧਮ ਸਿੰਘ ਨੇ ਉੱਥੋ ਭੱਜਣ ਦਾ ਯਤਨ ਨਹੀਂ ਕੀਤਾ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਊਧਮ ਸਿੰਘ ਦਾ ਅਸਲ ਸ਼ਿਕਾਰ ਤਾਂ ਜਨਰਲ ਡਾਇਰ ਸੀ, ਪਰ ਉਹ ਕੁਝ ਸਮਾਂ ਪਹਿਲਾਂ ਅਧਰੰਗ ਦੀ ਬਿਮਾਰੀ ਕਾਰਨ ਆਪਣੀ ਮੌਤ ਮਰ ਗਿਆ ਸੀ।

 4 ਜੂਨ 1940 ਨੂੰ ਸੈਂਟਰਲ ਕ੍ਰਿਮੀਨਲ ਕੋਰਟ, ਓਲਡ ਬੈਲੇ ਵਿੱਚ ਊਧਮ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਬਾਰੇ ਮੁੜ ਵਿਚਾਰ ਕਰਨ ਲਈ ਇੱਕ ਦਰਖ਼ਾਸਤ ਪਾਈ ਗਈ ਜੋ 15 ਜੁਲਾਈ 1940 ਨੂੰ ਰੱਦ ਕਰ ਦਿੱਤੀ ਗਈ। ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਪੈਂਟਨਵਿਲੇ ਜੇਲ੍ਹ, ਲੰਡਨ ਵਿੱਚ ਸਵੇਰੇ 9 ਵਜੇ ਫਾਂਸੀ ਦੇ ਦਿੱਤੀ ਗਈ। ਮੁਕੱਦਮੇ ਦੌਰਾਨ ਊਧਮ ਸਿੰਘ ਨੇ ਇਹ ਬੇਨਤੀ ਕੀਤੀ ਸੀ ਕਿ ਉਸਦੀਆਂ ਅਸਥੀਆਂ ਨੂੰ ਭਾਰਤ ਭੇਜ ਦਿੱਤਾ ਜਾਵੇ, ਪਰ ਇਸਦੀ ਆਗਿਆ ਨਹੀਂ ਦਿੱਤੀ ਗਈ। ਸਾਡੇ ਅੱਜ ਦੇ ਰਾਸ਼ਟਰ ਪਿਤਾ ਤੇ ਓਸ ਵੇਲੇ ਦੇ ਮਹਾਤਮਾ ਗਾਂਧੀ ਨੇ ਕਿਹਾ, ‘‘ਸਰ ਮਾਈਕਲ ਓਡਵਾਇਰ ਦੀ ਮੌਤ, ਲਾਰਡ ਜੈਂਟਲੈਡ, ਲਾਰਡ ਲੈਮਿੰਗਟਨ ਅਤੇ ਸਰ ਲੁਈਸ ਡੇਨ ਦੇ ਜ਼ਖ਼ਮੀ ਹੋਣ ਨਾਲ ਮੈਨੂੰ ਡੂੰਘਾ ਦੁੱਖ ਹੋਇਆ...। ਮੈਂ ਇਸ ਕਾਰਨਾਮੇ ਨੂੰ ਪਾਗਲਪਣ ਸਮਝਦਾ ਹਾਂ।" ਜਵਾਹਰਲਾਲ ਨਹਿਰੂ ਨੇ ਆਪਣੇ ਬਿਆਨ ਵਿਚ ਕਿਹਾ, ‘‘ਮੈਨੂੰ ਇਸ ਕਤਲ ਦਾ ਵੱਡੇ ਪੱਧਰ ’ਤੇ ਪਛਤਾਵਾ ਹੈ।’’ ਜਦ ਕਿ ਸੁਭਾਸ਼ ਚੰਦਰ ਬੋਸ ਨੇ ਊਧਮ ਸਿੰਘ ਦੇ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ। 1975 ਵਿੱਚ ਪੰਜਾਬ ਸਰਕਾਰ ਦੇ ਜ਼ੋਰ ਪਾਉਣ ਤੇ ਊਧਮ ਸਿੰਘ ਦੀਆਂ ਅਸਥੀਆਂ ਵਤਨ ਵਾਪਸ ਲਿਆਦੀਆਂ ਗਈਆਂ। ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆਂ ਤਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ। 

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ